ਕੈਨਾਲ ਲਾਈਨਿੰਗ ਸਟਾਫ ਨੂੰ ਮਾਈਨਿੰਗ ਵਿਭਾਗ ''ਚ ਸ਼ਿਫ਼ਟ ਕਰਨ ''ਤੇ ਭੜਕੇ ਕਰਮਚਾਰੀਆਂ ਵੱਲੋਂ ਰੋਸ ਮਾਰਚ

06/19/2018 5:34:58 AM

ਪਟਿਆਲਾ, (ਜੋਸਨ)- ਪੰਜਾਬ ਸਰਕਾਰ ਵੱਲੋਂ ਕੈਨਾਲ ਲਾਈਨਿੰਗ ਦੇ ਸਟਾਫ ਨੂੰ ਮਾਈਨਿੰਗ ਵਿਭਾਗ ਵਿਚ ਸ਼ਿਫ਼ਟ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਪਟਿਆਲਾ ਵਿਖੇ ਲਾਈਨਿੰਗ ਵਿੰਗ ਦਾ ਇਕ ਸਰਕਲ, ਇਕ ਮੰਡਲ ਦਫਤਰ ਅਤੇ ਕਈ ਉੱਪ-ਮੰਡਲ ਦਫਤਰ ਕੰਮ ਕਰ ਰਹੇ ਹਨ। ਇਨ੍ਹਾਂ ਵਿਚ ਇੰਜੀਨੀਅਰ, ਡਰਾਇੰਗ ਅਮਲਾ, ਕਲੈਰੀਕਲ ਅਮਲਾ ਅਤੇ ਦਰਜਾ ਚਾਰ ਦੇ ਲਗਭਗ 100 ਕਰਮਚਾਰੀ ਇਨ੍ਹਾਂ ਹੁਕਮਾਂ ਨਾਲ ਪ੍ਰਭਾਵਿਤ ਹੋ ਰਹੇ ਹਨ। ਮਾਈਨਿੰਗ ਵਿਭਾਗ ਦੇ ਸਰਕਲ ਮੰਡਲ ਉੱਪ-ਮੰਡਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਦੂਰ-ਦੁਰਾਡੇ ਸਥਾਪਤ ਕੀਤੇ ਜਾ ਰਹੇ ਹਨ। 
ਪਟਿਆਲਾ ਤੋਂ ਬੇਘਰ ਹੋ ਰਹੇ ਬਹੁਤੇ ਕਰਮਚਾਰੀ ਸੇਵਾ-ਮੁਕਤੀ ਦੇ ਨਜ਼ਦੀਕ ਹਨ। ਕਰਮਚਾਰੀਆਂ ਨੇ ਆਪਣੇ ਮਕਾਨ ਪਟਿਆਲਾ ਵਿਖੇ ਬਣਾਏ ਹੋਏ ਹਨ। ਇਸ ਤੋਂ ਇਲਾਵਾ ਪਟਿਆਲਾ ਵਿਖੇ ਦਫਤਰਾਂ ਲਈ ਬਿਲਡਿੰਗ, ਫਰਨੀਚਰ, ਬਿਜਲੀ ਪਾਣੀ ਦੇ ਕੁਨੈਕਸ਼ਨ ਆਦਿ ਕੰਪਲੈਕਸ ਆਦਿ ਇਨਫਰਾਸਟੱ੍ਰਕਚਰ ਮੌਜੂਦ ਹੈ। ਦਫਤਰ ਸ਼ਿਫਟ ਕਰਨ ਦੇ ਵਿਰੋਧ ਵਿਚ ਅੱਜ ਸਿੰਚਾਈ ਵਿਭਾਗ ਤੇ ਬਾਰਾਂ ਖੂਹਾ ਕੰਪਲੈਕਸ ਵਿਖੇ ਜ਼ੋਰਦਾਰ ਰੈਲੀ ਕੀਤੀ ਗਈ, ਜਿਸ ਵਿਚ ਸਿੰਚਾਈ ਵਿਭਾਗ ਦੇ ਸਮੂਹ ਕਰਮਚਾਰੀਆਂ ਨੇ ਭਾਰੀ ਗਿਣਤੀ ਵਿਚ ਹਿੱਸਾ ਲਿਆ। 
ਇਸ ਰੈਲੀ ਨੂੰ ਦਰਜਾ ਚਾਰ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਿੰਚਾਈ ਵਿਭਾਗ ਕਲੈਰੀਕਲ ਯੂਨੀਅਨ ਦੇ ਪ੍ਰਧਾਨ ਖੁਸ਼ਵਿੰਦਰ ਕਪਿਲਾ, ਸੀਨੀਅਰ ਮੀਤ ਪ੍ਰਧਾਨ ਬਚਿੱਤਰ ਸਿੰਘ, ਜ਼ਿਲਾ ਪ੍ਰਧਾਨ ਅਨਿਲ ਸ਼ਰਮਾ, ਜ਼ਿਲਾ ਜਨਰਲ ਸਕੱਤਰ, ਉਪਨੈਣ ਡਰਾਫਟਸਮੈਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਬਲਜਿੰਦਰ ਸਿੰਘ, ਜਨਰਲ ਸਕੱਤਰ ਜਗਤਾਰ ਸਿੰਘ, ਦਰਸ਼ਨ ਸਿੰਘ, ਬੇਲੂਮਾਜਰਾ ਪ੍ਰਧਾਨ ਫੀਲਡ ਵਰਕਸ਼ਾਪ ਯੂਨੀਅਨ, ਬਲਵਿੰਦਰ ਚਾਹਲ ਡੈਮੋਕਰੇਟਿਕ ਇੰਪਲਾਈਜ਼ ਫਰੰਟ ਤੋਂ ਇਲਾਵਾ ਜਗਮੋਹਨ ਸਿੰਘ ਨੌਲੱਖਾ, ਜਸਵੀਰ ਸਿੰਘ, ਸੂਰਜਪਾਲ ਯਾਦਵ, ਕੇਸਰ ਸਿੰਘ ਸੈਣੀ, ਗੁਰਦਰਸ਼ਨ ਸਿੰਘ, ਬਲਬੀਰ ਸਿੰਘ, ਬੂਟਾ ਸਿੰਘ, ਰੰਧਾਵਾ, ਰਤਨ ਸਿੰਘ, ਰਾਕੇਸ਼ ਸ਼ਰਮਾ ਅਤੇ ਜਸਬੀਰ ਸਿੰਘ ਆਦਿ ਨੇ ਸੰਬੋਧਨ ਕਰ ਕੇ ਸਰਕਾਰ ਤੋਂ ਮੰਗ ਕੀਤੀ ਕਿ ਕਰਮਚਾਰੀਆਂ ਦੇ ਦਫਤਰ ਪਟਿਆਲਾ ਵਿਖੇ ਹੀ ਰੱਖੇ ਜਾਣ। 
ਰੈਲੀ ਉਪਰੰਤ ਕਰਮਚਾਰੀਆਂ ਵੱਲੋਂ ਮੋਤੀ ਮਹਿਲ ਵੱਲ ਮਾਰਚ ਕੀਤਾ ਗਿਆ। ਪੁਲਸ ਦੇ ਰੋਕਣ 'ਤੇ 22 ਨੰਬਰ ਫਾਟਕ 'ਤੇ ਟਰੈਫਿਕ ਜਾਮ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਗੱਲਬਾਤ ਦਾ ਸੱਦਾ ਪ੍ਰਾਪਤ ਹੋਣ 'ਤੇ ਡੈਪੂਟੇਸ਼ਨ ਨੇ ਜਾ ਕੇ ਗੱਲਬਾਤ ਕੀਤੀ। ਇਸ ਸਮੇਂ ਜਲ ਸਰੋਤ ਵਿਭਾਗ ਦੇ ਮੰਤਰੀ ਨਾਲ ਭਲਕੇ 19 ਜੂਨ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਫਿਕਸ ਕੀਤੀ ਗਈ। ਆਗੂਆਂ ਨੇ ਐਲਾਨ ਕੀਤਾ ਕਿ ਸ਼ੁਰੂ ਕੀਤਾ ਸੰਘਰਸ਼ ਉਸ ਸਮੇਂ ਤੱਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਕਰਮਚਾਰੀਆਂ ਦੀ ਪਟਿਆਲਾ ਤੋਂ ਸ਼ਿਫਟਿੰਗ ਬੰਦ ਨਹੀਂ ਕੀਤੀ ਜਾਂਦੀ। ਸੰਘਰਸ਼ ਦੇ ਤਹਿਤ ਸਾਰੀ ਜਥੇਬੰਦੀਆਂ ਵੱਲੋਂ ਕੱਲ ਬਾਰਾਂ ਖੂਹਾ ਕੰਪਲੈਕਸ ਵਿਖੇ ਜ਼ੋਰਦਾਰ ਰੈਲੀ ਕੀਤੀ ਜਾਵੇਗੀ। 


Related News