ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਖਿਲਾਫ ਕਾਂਗਰਸੀਆਂ ਨੇ ਫੂਕਿਆ ਪ੍ਰਧਾਨ ਮੰਤਰੀ ਦਾ ਪੁਤਲਾ

06/18/2018 5:01:09 PM

ਵਲਟੋਹਾ (ਗੁਰਮੀਤ ਸਿੰਘ) : ਦੇਸ਼ 'ਚ ਅਸਮਾਨ ਨੂੰ ਛੂੰਹ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਖਿਲਾਫ ਪਿੰਡ ਭਗਵਾਨਪੁਰਾ ਦੇ ਸੀਨੀਅਰ ਕਾਂਗਰਸੀ ਆਗੂ ਪ੍ਰਦੂਮਣ ਸਿੰਘ ਅਤੇ ਜਗਪ੍ਰੀਤ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ 'ਤੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਪਿੱਟ ਸਿਆਪਾ ਕੀਤਾ ਗਿਆ। 
ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਦੂਮਣ ਸਿੰਘ ਅਤੇ ਜਗਪ੍ਰੀਤ ਸਿੰਘ ਪ੍ਰਧਾਨ ਨੇ ਕਿਹਾ ਕਿ ਅੱਛੇ ਦਿਨਾਂ ਦੇ ਝੂਠੇ ਸਬਜ਼ਬਾਗ ਵਿਖਾ ਕੇ ਸੱਤਾ 'ਤੇ ਕਾਬਜ਼ ਹੋਈ ਮੋਦੀ ਸਰਕਾਰ ਨੇ ਆਮ ਲੋਕਾਂ ਦਾ ਇਨਾਂ ਜ਼ਿਆਦਾ ਬੁਰਾ ਹਾਲ ਕਰ ਦਿੱਤਾ ਹੈ ਕਿ ਲੋਕ ਹੁਣ ਮੋਦੀ ਸਰਕਾਰ ਨੂੰ ਰੱਜ ਕੇ ਕੋਸ ਰਹੇ ਹਨ। ਉਨ੍ਹਾਂ ਕਿਹਾ ਕਿ ਆਏ ਦਿਨ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਦੀ ਜੇਬ ਉਪਰ ਭਾਰੀ ਡਾਕਾ ਵੱਜ ਰਿਹਾ ਹੈ ਪਰ ਮੋਦੀ ਸਰਕਾਰ ਦੇਸ਼ ਦੀ ਜਨਤਾ ਦਾ ਕਚੂੰਬਰ ਕੱਢਣ 'ਤੇ ਤੁਲੀ ਹੋਈ ਹੈ, ਜਿਸ ਦਾ ਜਵਾਬ ਲੋਕ 2019 ਦੀਆਂ ਚੋਣਾਂ 'ਚ ਭਾਜਪਾ ਨੂੰ ਕਰਾਰੀ ਹਾਰ ਦੇ ਕੇ ਦੇਣਗੇ। ਇਸ ਮੌਕੇ 'ਤੇ ਬਾਬਾ ਰਾਮ ਸਿੰਘ, ਲਖਵਿੰਦਰ ਸਿੰਘ ਦੋਧੀ, ਸੁਖਵੰਤ ਸਿੰਘ ਗਿੱਲ ਆਦਿ ਹਾਜ਼ਰ ਸਨ।


Related News