ਹਰੀਕੇ ਵੈੱਟਲੈਂਡ ਬਣੇਗੀ ਦੁਨੀਆ ਦੀ ਚੁਨਿੰਦਾ ਸੈਰਗਾਹ : ਸਿੱਧੂ

06/18/2018 4:54:12 PM

ਮੱਖੂ (ਵਾਹੀ) : ਪੰਜਾਬ ਦੇ ਸੈਰ-ਸਪਾਟਾ ਅਤੇ ਸਥਾਨਕ ਸਰਕਾਰਾ ਵਿਭਾਗ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਵਾਤਾਵਰਣ ਪੱਖੀ ਸੈਰ-ਸਪਾਟੇ ਦੇ ਵਿਸਥਾਰ ਬਾਬਤ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਅੰਤਰਰਾਸ਼ਟਰੀ ਪੰਛੀ ਰੱਖ ਹਰੀਕੇ ਵੈੱਟਲੈਂਡ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਪੰਜਾਬ 'ਚ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਹਰੀਕੇ ਝੀਲ ਨੂੰ ਸਤਲੁਜ ਤੇ ਬਿਆਸ ਦਰਿਆਵਾਂ ਅਤੇ ਵੇਂਈ ਨਦੀ ਦੇ ਸੰਗਮ ਨੂੰ ਪਵਿੱਤਰ ਦੱਸਿਆ। ਉਨ੍ਹਾਂ ਕਿਹਾ ਕਿ ਝੀਲ 'ਚ ਹਰ ਸਾਲ ਇਕ ਲੱਖ ਤੋਂ ਵੱਧ ਪ੍ਰਵਾਸੀ ਪੰਛੀ ਆਉਂਦੇ ਹਨ। ਇੰਡਸ-ਡਾਲਫਿਨ, ਘੜਿਆਲ ਅਤੇ ਹੋਰ ਜੰਗਲੀ ਜਾਨਵਰਾਂ 'ਤੇ ਖੋਜ ਲਈ ਕੁਦਰਤ ਪ੍ਰੇਮੀਆਂ ਦਾ ਲਗਾਤਾਰ ਆਉਣਾ ਜਾਣਾ ਵੀ ਲੱਗਾ ਰਹਿੰਦਾ ਹੈ। ਉਨ੍ਹਾਂ ਆਪਣੇ ਦੌਰੇ ਦੌਰਾਨ ਦੋਵਾਂ ਦਰਿਆਵਾਂ ਦੇ ਸੰਗਮ ਵਾਲੀ ਜਗ੍ਹਾ ਤੋਂ ਮੋਟਰਬੋਟ ਰਾਹੀਂ ਕਈ ਕਿਲੋਮੀਟਰ ਤੱਕ ਪਾਣੀਆਂ ਤੇ ਵਾਤਾਵਰਣ ਦਾ ਜਾਇਜ਼ਾ ਵੀ ਲਿਆ। ਚੁਰ੍ਹੀਆਂ ਬੀਚ 'ਤੇ ਜਲ-ਥਲੀ ਬੱਸ ਦੇ ਪਾਣੀ 'ਚ ਉਤਰਨ ਵਾਲੀ ਜਗ੍ਹਾਂ 'ਤੇ ਉਨ੍ਹਾਂ ਭਾਰੀ ਮਾਤਰਾ 'ਚ ਫੈਲੀ ਕਲਾਲ ਬੂਟੀ ਦੇ ਖਾਤਮੇ ਲਈ ਵਧੀਆ ਤਕਨੀਕ ਦੀਆਂ ਮਸ਼ੀਨਾਂ ਲਿਆਉਣ ਦੀ ਗੱਲ ਵੀ ਆਖੀ। ਉਨ੍ਹਾਂ ਨੇ ਦੁਬਈ 'ਚ ਬਣੇ ਕਈ ਅੰਡਰ ਵਾਟਰ ਰੈਸਟੋਰੈਂਟ ਦੀ ਗੱਲ ਕਰਦਿਆਂ ਕਿਹਾ ਕਿ ਇਥੇ 20 ਕਮਰਿਆਂ ਦਾ ਇਕ ਹੋਟਲ, ਹਟਸ ਅਤੇ ਰੈਸਟੋਰੈਂਟ ਬਣਾਉਂਣ ਤੋਂ ਇਲਾਵਾ ਪੰਛੀ ਰੱਖ ਦੀ ਸੜਕ ਨੂੰ ਨੇਚਰ-ਵਾਕ ਵਜੋਂ ਵੀ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਫਿਰੋਜ਼ਪੁਰ ਡਿਵੀਜ਼ਨ 'ਚ ਪੈਂਦੇ ਹੈੱਡ ਵਰਕਸ ਦੇ ਪਹਾੜ ਦੀ ਬਾਹੀ 20 ਮੋਟਰਬੋਟਾਂ ਅਤੇ ਰਾਜਸਥਾਨ ਤੇ ਸਰਹਿੰਦ ਫੀਡਰ ਨਹਿਰਾਂ ਵਾਲੇ ਪਾਸੇ ਮੱਖੂ ਇਲਾਕੇ 'ਚ ਵੀ 20-25 ਮੋਟਰਬੋਟਾਂ ਤੋਂ ਇਲਾਵਾ ਪੈਡਲ-ਬੋਟਸ ਵੀ ਚਲਾਈਆਂ ਜਾਣਗੀਆਂ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਅੰਮ੍ਰਿਤਸਰ ਸੈਰ-ਸਪਾਟਾ ਸਰਕਲ ਨੂੰ 91 ਕਿਲੋਮੀਟਰ 'ਚ ਫੈਲੀ ਪੰਜਾਬ ਦੇ ਕਈ ਜ਼ਿਲਿਆਂ ਨਾਲ ਲੱਗਦੀ ਅੰਤਰਰਾਸ਼ਟਰੀ ਪੰਛੀ ਰੱਖ ਨੂੰ ਵਾਤਾਵਰਣ ਪ੍ਰੇਮੀਆਂ ਲਈ ਤਿੰਨ ਮਹੀਨਿਆਂ 'ਚ ਕੰਮ ਸ਼ੁਰੂ ਕਰਕੇ ਨਿਵੇਕਲੇ ਤਰੀਕੇ ਨਾਲ ਝੀਲ ਦੀ ਕਾਇਆ ਕਲਪ ਕੀਤੀ ਜਾਵੇਗੀ, ਜਿਸ ਨਾਲ ਸਥਾਨਕ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ। ਇਸ ਮੌਕੇ ਸਾਬਕਾ ਇੰਦਰਜੀਤ ਸਿੰਘ ਜ਼ੀਰਾ, ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਹਰਮਿੰਦਰ ਸਿੰਘ ਗਿੱਲ ਵਿਧਾਇਕ ਪੱਟੀ, ਮਹਿੰਦਰ ਮਦਾਨ ਪ੍ਰਧਾਨ ਨਗਰ ਪੰਚਾਇਤ ਮੱਖੂ , ਬੋਹੜ ਸਿੰਘ ਪ੍ਰਧਾਨ ਟਰੱਕ ਯੂਨੀਅਨ, ਮਹਿਲ ਸਿੰਘ ਵਰਿਆਂ ਸਾਬਕਾ ਚੇਅਰਮੈਨ ਆਦਿ ਹਾਜ਼ਰ ਸਨ।


Related News