ਬਰਸਾਤ ਹੋਣ ਤੋਂ ਬਾਅਦ ਝੋਨੇ ਦੀ ਤਿਆਰੀ ''ਚ ਲੱਗੇ ਕਿਸਾਨਾਂ ਨੂੰ ਮਿਲੀ ਰਾਹਤ

06/18/2018 11:44:25 AM

ਜ਼ੀਰਾ (ਅਕਾਲੀਆਂਵਾਲਾ) - ਬੀਤੇ ਦਿਨ ਤੜਕਸਾਰ ਹੋਈ ਬਰਸਾਤ ਨੇ ਜਿੱਥੇ ਗਰਮੀ ਤੋਂ ਰਾਹਤ ਦਿੱਤੀ ਹੈ ਉਥੇ ਬਰਸਾਤ ਨਾਲ ਖੇਤਾਂ 'ਚ ਵੀ ਰੌਣਕਾਂ ਪਰਤ ਆਈਆਂ ਹਨ। ਬੇਸ਼ੱਕ ਸਰਕਾਰੀ ਤੌਰ 'ਤੇ ਝੋਨੇ ਦੀ ਲਗਾਈ 20 ਜੂਨ ਤੋਂ ਸ਼ੁਰੂ ਕਰਨੀ ਐਲਾਨੀ ਗਈ ਹੈ ਪਰ ਬਰਸਾਤ ਕਿਸਾਨਾਂ ਲਈ ਸ਼ੁੱਭ ਅਤੇ ਝੋਨੇ ਦੇ ਸੀਜ਼ਨ ਲਈ ਚੰਗੀ ਸ਼ੁਰੂਆਤ ਹੈ। ਖੇਤਾਂ 'ਚ ਕਿਸਾਨਾਂ ਵੱਲੋਂ ਝੋਨੇ ਦੀ ਲਗਾਈ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਖੇਤਾਂ 'ਚ ਟ੍ਰੈਕਟਰਾਂ ਦੀ ਗੂੰਜ ਪੈ ਰਹੀ ਹੈ। ਕਿਸਾਨਾਂ ਵੱਲੋਂ ਇਸ ਵਾਰ ਜ਼ਿਆਦਾਤਰ 122 ਝੋਨੇ ਦੀ ਕਾਸ਼ਤ ਕੀਤੀ ਜਾਵੇਗੀ। 
ਪੰਜਾਬ ਦੀਆਂ ਕੁਝ ਕਿਸਾਨ ਜੱਥਬੰਦੀਆਂ ਵੱਲੋਂ ਝੋਨਾ 10 ਜੂਨ ਤੋਂ ਲਗਾਉਣ ਦਾ ਐਲਾਨ ਸਰਕਾਰ ਦੇ ਫੈਸਲੇ ਵਿਰੁੱਧ ਕੀਤਾ ਗਿਆ ਸੀ ਕਿਉਂਕਿ 20 ਜੂਨ ਤੋਂ ਬਾਅਦ ਲਗਾਇਆ ਜਾਣ ਵਾਲਾ ਝੋਨਾ ਵੇਚਣ 'ਚ ਮੁਸ਼ਕਿਲ ਆਉਂਦੀ ਸੀ। ਸਰਹੱਦੀ ਜ਼ਿਲਾ ਫਿਰੋਜ਼ਪੁਰ 'ਚ ਕਿਸਾਨ ਜੱਥੇਬੰਦੀਆਂ ਦੀਆਂ ਅਪੀਲਾਂ ਕੁਝ ਕੁ ਕਿਸਾਨਾਂ ਨੇ ਹੀ ਮੰਨੀਆਂ। ਜ਼ਿਆਦਾਤਰ ਕਿਸਾਨ ਸਰਕਾਰੀ ਤਰੀਕ ਦੇ ਮੁਤਾਬਕ ਹੀ ਝੋਨਾ ਲਗਾਉਣਗੇ। ਦੂਸਰੇ ਪਾਸੇ ਇੰਦਰ ਦੇਵਤਾ ਦੀ ਸਰਕਾਰੀ ਐਲਾਨੀ ਹੋਈ ਝੋਨੇ ਦੀ ਤਰੀਕ ਦੇ ਨੇੜੇ ਹੋਈ ਮਿਹਰਬਾਨੀ ਨੇ ਕਿਸਾਨੀ ਨੂੰ ਵੱਡਾ ਲਾਭ ਦਿੱਤਾ ਹੈ। 

ਇਸ ਸਬੰਧਈ ਆਗੂ ਦਲਵਿੰਦਰ ਸਿੰਘ ਗੋਸ਼ਾ ਮਰੂੜ ਨੇ ਕਿਹਾ ਕਿ ਪੰਜਾਬ 'ਚ ਪਾਣੀ ਦੇ ਪੱਧਰ 'ਚ ਆ ਰਹੀ ਗਿਰਾਵਟ ਕਾਰਨ ਕੈਪਟਨ ਸਰਕਾਰ ਨੇ ਇਹ ਫੈਸਲਾ ਲਿਆ ਹੈ। ਸਾਨੂੰ ਸਰਕਾਰ ਦੇ ਫੈਸਲੇ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਸਰਕਾਰ ਝੋਨਾ ਵੇਚਣ ਦੇ ਮੌਕੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦੇਵੇਗੀ। 
ਇਸ ਮੌਕੇ ਕਾਂਗਰਸੀ ਆਗੂ ਕਰਮਜੀਤ ਸਿੰਘ ਲੌਗੋਦੇਵਾ ਨੇ ਕਿਹਾ ਕਿ ਬੀਤੇ ਦਿਨ ਹੋਈ ਬਰਸਾਤ ਨੇ ਜਿੱਥੇ ਗਰਮੀ ਤੋਂ ਰਾਹਤ ਦਿਵਾਈ ਹੈ ਉਥੇ ਹੀ ਬਰਸਾਤ ਨਾਲ ਕਿਸਾਨੀ ਨੂੰ ਝੋਨੇ ਦੀ ਲਗਾਈ ਦੇ ਲਈ ਵੱਡਾ ਲਾਭ ਮਿਲੇਗਾ। ਮੀਂਹ ਪੈਣ ਦੇ ਕਾਰਨ ਖੇਤਾਂ 'ਚ ਕਿਸਾਨਾਂ ਦੀ ਚਹਿਲ-ਪਹਿਲ ਸ਼ੁਰੂ ਹੋ ਗਈ ਹੈ।  
ਪਿੰਡ ਬੇਰੀਵਾਲ ਦੇ ਕਿਸਾਨ ਸੁਖਵੰਤ ਸਿੰਘ ਸੋਨੂੰ ਨੇ ਕਿਹਾ ਕਿ ਉਨ੍ਹਾਂ ਨੇ ਝੋਨਾ ਲਗਾਉਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਬੇਸ਼ੱਕ ਬਰਸਾਤ ਹੋ ਗਈ ਪਰ ਉਹ ਸਰਕਾਰੀ ਤਰੀਕ ਮੁਤਾਬਕ ਹੀ ਝੋਨਾ ਲਗਾਉਣਗੇ।


Related News