ਆਸਟ੍ਰੇਲੀਆਈ ਸ਼ਖਸ ਨੂੰ ਅੱਤਵਾਦੀ ਗਤੀਵਿਧੀਆਂ ਦੇ ਮਾਮਲੇ ''ਚ ਠਹਿਰਾਇਆ ਗਿਆ ਦੋਸ਼ੀ

06/17/2018 5:04:12 PM

ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਰਹਿਣ ਵਾਲੇ 26 ਸਾਲਾ ਨੌਰੋਜ ਅਮੀਨ ਨੂੰ ਅੱਤਵਾਦੀ ਗਤੀਵਿਧੀਆਂ ਦੀ ਯੋਜਨਾ ਬਣਾਉਣ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਹੈ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਅਮੀਨ ਦੇ ਸਾਮਾਨ ਦੀ ਤਲਾਸ਼ੀ ਲੈਣ ਤੋਂ ਬਾਅਦ ਉਸ ਨੂੰ ਬੰਗਲਾਦੇਸ਼ ਜਾਣ ਤੋਂ ਰੋਕਿਆ ਗਿਆ ਅਤੇ ਉਸ ਨੂੰ ਦੋਸ਼ੀ ਠਹਿਰਾਇਆ ਗਿਆ।
ਆਸਟ੍ਰੇਲੀਆਈ ਫੈਡਰਲ ਪੁਲਸ ਨੇ ਦੱਸਿਆ ਕਿ ਅਮੀਨ ਨੂੰ ਫਰਵਰੀ 2016 ਵਿਚ ਜਹਾਜ਼ ਯਾਤਰਾ ਤੋਂ ਉਸ ਸਮੇਂ ਰੋਕ ਗਿਆ ਸੀ, ਜਦੋਂ ਸਿਡਨੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇਲੈਕਟ੍ਰਾਨਿਕ ਯੰਤਰਾਂ ਜ਼ਰੀਏ ਉਸ ਦੇ ਕੱਪੜੇ ਅਤੇ ਸਮਾਨ 'ਚ ਕੁਝ ਅਜਿਹੀ ਸਮੱਗਰੀ ਦੇਖੀ ਸੀ, ਜਿਸ ਤੋਂ ਸੰਕੇਤ ਮਿਲਦੇ ਸਨ ਕਿ ਉਹ ਅੱਤਵਾਦੀ ਵਿਚਾਰਧਾਰਾ ਦਾ ਸਮਰਥਨ ਕਰਦਾ ਹੈ। 
ਲੰਬੀ ਅਤੇ ਮੁਸ਼ਕਲ ਜਾਂਚ ਤੋਂ ਬਾਅਦ ਉਸ ਨੂੰ ਸ਼ਨੀਵਾਰ ਨੂੰ ਅੱਤਵਾਦ ਰੋਕੂ ਅਧਿਕਾਰੀਆਂ ਨੇ ਸਿਡਨੀ ਦੇ ਬਾਹਰੀ ਇਲਾਕੇ ਵਿਚ ਗ੍ਰਿਫਤਾਰ ਕੀਤਾ ਸੀ। ਪੁਲਸ ਦਾ ਦੋਸ਼ ਹੈ ਕਿ ਅਮੀਨ ਬੰਗਲਾਦੇਸ਼ ਜਾ ਕੇ ਖੁਦ ਨਾਲ ਮਿਲਦੇ-ਜੁਲਦੇ ਵਿਚਾਰਾਂ ਦੇ ਲੋਕਾਂ ਨੂੰ ਮਿਲਣ ਦੀ ਯੋਜਨਾ ਬਣਾ ਰਿਹਾ ਸੀ ਅਤੇ ਆਸਟ੍ਰੇਲੀਆ ਦੇ ਬਾਹਰ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣਾ ਚਾਹੁੰਦਾ ਸੀ। ਅਮੀਨ 'ਤੇ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਉਦੇਸ਼ ਨਾਲ ਵਿਦੇਸ਼ਾਂ ਵਿਚ ਘੁਸਪੈਠ ਦੀ ਤਿਆਰੀ ਅਤੇ ਅੱਤਵਾਦੀ ਗਤੀਵਿਧੀਆਂ ਦੀ ਤਿਆਰੀ ਨਾਲ ਜੁੜੇ ਕੰਮ ਕਰਨ ਸਮੇਤ ਤਿੰਨ ਅਪਰਾਧਾਂ ਵਿਚ ਦੋਸ਼ੀ ਠਹਿਰਾਇਆ ਗਿਆ। ਇਸ ਵਿਚੋਂ ਦੋ ਦੋਸ਼ ਅਜਿਹੇ ਹਨ, ਜਿਨ੍ਹਾਂ 'ਚ ਦੋਸ਼ੀ ਸਾਬਤ ਹੋਣ 'ਤੇ ਅਮੀਨ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਅਮੀਨ ਨੇ ਐਤਵਾਰ ਨੂੰ ਸਿਡਨੀ ਦੀ ਅਦਾਲਤ ਵਿਚ ਜ਼ਮਾਨਤ ਅਰਜ਼ੀ ਦਾਖਲ ਨਹੀਂ ਕੀਤੀ। ਉਸ ਨੂੰ ਅਗਸਤ ਵਿਚ ਫਿਰ ਤੋਂ ਅਦਾਲਤ ਵਿਚ ਪੇਸ਼ ਹੋਣਾ ਹੈ।


Related News