ਕਿਉਂ ਮਰਦੇ ਹਨ ਖੇਤਾਂ ਵਿਚ ਕਿਸਾਨ ਅਤੇ ਬਾਰਡਰ ਤੇ ਜਵਾਨ?

06/15/2018 5:31:37 PM

ਜਦੋਂ 1965 ਵਿਚ ਭਾਰਤ-ਪਾਕਿਸਤਾਨ ਦੀ ਲੜ੍ਹਾਈ ਹੋਈ, ਉਸ ਸਮੇਂ ਦੇਸ਼ ਨੂੰ ਅਜ਼ਾਦੀ ਮਿਲੀ ਨੂੰ ਅਜੇ ਥੋੜਾ ਸਮਾਂ ਹੀ ਹੋਇਆ ਸੀ ਅਤੇ ਦੇਸ਼ ਪੂਰੀ ਤਰ੍ਹਾਂ ਕਈ ਖੇਤਰਾਂ ਵਿਚ ਆਤਮ ਨਿਰਭਰ ਵੀ ਨਹੀਂ ਸੀ ਹੋਇਆ, ਖਾਸ ਕਰਦੇ ਜੰਗੀ-ਸਾਜੋ-ਸਮਾਨ ਅਤੇ ਦੇਸ਼ ਨੂੰ ਲੋੜੀਦੇ ਅੰਨ ਵਿਚ ਬਹੁਤ ਕੁੱਝ ਲਈ ਅਮਰੀਕਾ ਪਰ ਨਿਰਭਰ ਹੋਣਾ ਪਂੈਦਾ ਸੀ ਪਰ ਜੰਗ ਦੇ ਦੌਰਾਨ ਅਮਰੀਕਾ ਨੇ ਭਾਰਤ ਨੂੰ ਧੋਖਾ ਦਿੱਤਾ ਅਤੇ ਭਾਰਤ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਬੜੀ ਲਿਆਕਤ ਨਾਲ ਦੇਸ਼ ਦੇ ਉਸ ਸਮੇਂ ਦੇ ਪ੍ਰਧਾਨ-ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ ''ਜੈ ਜਵਾਨ-ਜੈ ਕਿਸਾਨ'' ਦਾ ਨਾਹਰਾ ਦੇ ਕੇ ਪੂਰੇ ਦੇਸ਼ ਨੂੰ ਇਕ ਸੂਤਰ ਵਿਚ ਪਰੋ ਦਿੱਤਾ। ਹਰ ਦੇਸ਼ ਵਾਸੀ ਦੇਸ਼ ਲਈ ਮਰ ਮਿਟਣ ਨੂੰ ਤਿਆਰ ਹੋ ਗਿਆ। ਨਤੀਜਾ ਹੋਇਆ ਕਿ ਭਾਰਤ ਨੇ ਜੰਗ ਜਿਤ ਲਈ, ਪਰ ਦੇਸ਼ ਨੂੰ ਬਹੁਤ     ਨੁਕਸਾਨ ਉਠਾਉਣਾ ਪਿਆ। ਜਿਸ ਤੋਂ ਸਿੱਖਿਆ ਲੈ ਕੇ ਬਾਰਡਰ ਅਤੇ ਪਿੰਡਾਂ ਦੇ ਖੇਤ-ਖਲਿਆਨਾ ਵੱਲ ਉਚੇਚੇ ਤੌਰ ਤੇ ਧਿਆਨ ਦਿੱਤਾ ਗਿਆ। ਹਰੇ ਇਨਕਲਾਬ ਅਤੇ ਚਿੱਟੇ ਇਨਕਲਾਬ ਜਿਹੇ ਪ੍ਰੋਗਰਾਮਾਂ ਨੇ ਦੇਸ਼ ਦੀ ਨੁਹਾਰ ਹੀ ਬਦਲ ਕੇ ਰੱਖ ਦਿੱਤੀ। ਅੰਨ ਭੰਡਾਰ ਇੰਨਾ ਹੋਣ ਲੱਗਿਆ ਕਿ ਕਿਸੇ ਦੀ ਵਗਾਰ ਕਰਨ ਦੀ ਲੋੜ ਨਾ ਰਹੀ। ਇਹੀ ਕਾਰਣ ਸੀ ਕਿ 1971 ਵਿਚ ਪਾਕਿਸਤਾਨ ਨਾਲ ਹੋਈ ਦੁਬਾਰਾ ਲੜਾਈ ਵਿਚ ਭਾਰਤ ਨੁੰ ਵੱਡੀ ਸਫਲਤਾ ਮਿਲੀ ਅਤੇ ਹਰ ਪਾਸੇ ਜਵਾਨ ਅਤੇ ਕਿਸਾਨ ਦੀਆਂ ਸਿਫਤਾਂ ਹੋਣ ਲੱਗੀਆਂ। ਬਾਰਡਰ ਤੇ ਜਵਾਨ ਅਤੇ ਖੇਤਾਂ ਵਿਚ ਕਿਸਾਨ ਖੁਸ਼ ਨਜ਼ਰ ਆਉਣ ਲੱਗੇ। 
ਪਰ ਕੁਝ ਸਮੇਂ ਤੋਂ ਜਿਵੇਂ ਸਾਡੀ ਸਰਹੱਦ ਤੇ ਫੋਜ਼ੀ ਜਵਾਨਾਂ ਅਤੇ ਖੇਤਾਂ ਵਿਚ ਮਜਦੂਰਾਂ-ਕਿਸਾਨਾਂ ਨੂੰ ਜਿਵੇਂ ਨਜ਼ਰ ਹੀ ਲੱਗ ਗਈ ਹੋਵੇ। ਹਰ ਰੋਜ਼ ਟੀ.ਵੀ ਅਤੇ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਹਨ ਬਾਰਡਰ ਤੇ ਸ਼ਹੀਦ ਹੋ ਰਹੇ ਜਵਾਨ ਅਤੇ ਖੇਤਾਂ ਵਿਚ ਖੁਦਕਸ਼ੀਆਂ ਕਰ ਰਹੇ ਕਿਸਾਨ। ਇਹ ਗੱਲ ਦਿਨਾਂ-ਮਹੀਨਿਆਂ ਦੀ ਨਾ ਹੋ ਕੇ ਸਾਲਾਂ ਤੱਕ ਅੱਪੜ ਗਈ। ਹਰ ਰੋਜ਼ ਹੀ ਬਾਰਡਰ ਤੇ ਸਾਡੇ ਫੋਜ਼ੀ ਜਵਾਨ ਬਿਨਾਂ ਕਿਸੇ ਲੜਾਈ ਤੋਂ ਹੀ ਸ਼ਹੀਦ ਹੋ ਰਹੇ ਹਨ ਅਤੇ ਦੇਸ਼ ਦਾ ਅੰਨ ਦਾਤਾਂ ਆਪਣੇ ਆਪ ਨੂੰ ਮੌਤ ਦੇ ਮੂੰਹ ਵਿਚ ਧਕੇਲ ਰਿਹਾ ਹੈ।
ਹਰ ਰੋਜ਼ ਬਾਰਡਰ ਤੇ ਅੰੰਤਕਵਾਦੀਆਂ ਵਲੋਂ ਜਾਂ ਛੋਟੀਆ-ਮੋਟੀਆ ਫੌਜੀ ਝੜਪਾਂ ਵਿਚ ਫੌਜ, ਬੀ.ਐਸ.ਐਫ. ਜਾਂ ਸੀ.ਆਰ.ਪੀ.ਐਫ. ਦੇ ਜਵਾਨਾਂ ਦਾ ਸ਼ਹੀਦ ਹੋਣਾ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ। ਦੂਜੇ ਪਾਸੇ ਖੇਤਾਂ ਵਿਚ ਉੱਪਜ ਕਰਕੇ, ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਪਤਾ ਨਹੀਂ ਕਿਸ ਤੰਗੀ ਕਾਰਣ ਆਤਮ-ਹੱਤਿਆ ਕਰੀ ਜਾ ਰਿਹਾ ਹੈ ਜੋ ਹੋਰ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਕਿਸਾਨਾਂ ਦੇ ਕਰਜ਼ ਨੂੰ ਭਾਵੇਂ ਮੌਤ ਦਾ ਕਾਰਣ ਦੱਸਿਆ ਜਾ ਰਿਹਾ ਹੈ ਪਰ ਇਸ ਦੇ ਪਿਛੇ ਹੋਰ ਵੀ ਕਾਰਣ ਹੋ ਸਕਦੇ ਹਨ ਜਿਨ੍ਹਾਂ ਦਾ ਸਮਾਜ ਅਤੇ ਸਰਕਾਰਾਂ ਨੂੰ ਹੱਲ ਲੱਭ ਕੇ ਤੁਰੰਤ ਇਲਾਜ ਕਰਨਾ ਚਾਹੀਦਾ ਹੈ ਪਰ ਕੋਈ ਵੀ ਇਨਸਾਨ ਸਰਕਾਰਾਂ ਦੀ ਚੁੱਪ ਅਤੇ ਅਣਦੇਖੀ ਕਾਰਣ ਮਰਨਾ ਨਹੀਂ ਚਾਹੀਦਾ। ਗਰੀਬ ਕਿਸਾਨਾਂ ਦੀ ਸਰਕਾਰ ਨੂੰ ਜ਼ਰੂਰ ਬਾਂਹ ਫੜਨੀ ਚਾਹੀਦੀ ਹੈ ਅਤੇ ਇਸ ਦੇ ਨਾਲ ਹੀ ਖੇਤ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਵੀ ਹੱਲ ਕਰਨ ਦੀ ਲੋੜ ਹੈ।
ਬਾਰਡਰ ਤੇ ਖੜ੍ਹੇ ਇਕ ਜਵਾਨ ਦੀ ਜ਼ਿੰਦਗੀ ਦੀ ਕੀਮਤ ਅਥਾਹ ਹੈ। ਇਕ ਜਵਾਨ ਦੇ ਸ਼ਹੀਦ ਹੋਣ ਨਾਲ ਉਸ ਦੇ ਘਰਦਿਆਂ ਦੀ ਆਰਥਿਕਤਾ ਨੂੰ ਤਾਂ ਧੱਕਾ ਲੱਗਦਾ ਹੀ ਹੈ ਪਰ ਜੋ ਘਰ ਵਾਲਿਆਂ ਨੂੰ ਮਾਨਸਿਕ ਪ੍ਰੇਸ਼ਾਨੀ ਹੁੰਦੀ ਹੈ ਉਸਦਾ ਕੋਈ ਹੱਲ ਨਹੀਂ ਹੈ। ਭਾਰਤ ਸਰਕਾਰ ਨੂੰ ਅਜਿਹੀ ਨੀਤੀ ਅਪਨਾਉਣੀ ਚਾਹੀਦੀ ਹੈ ਕਿ ਬਾਰਡਰ ਪਰ ਇਕ ਵੀ ਜਵਾਨ ਸ਼ਹੀਦ ਨਾ ਹੋਵੇ, ਕਿਉਂਕਿ ਸ਼ਹੀਦੀਆਂ ਜੰਗਾਂ ਵਿਚ ਸ਼ੋਭਦੀਆਂ ਹਨ।
ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ-37ਡੀ, 
ਚੰਡੀਗੜ੍ਹ। ਮੋਬਾ. ਨੰ: 98764-52223


Related News