ਅੰਤਿਮ ਸੰਸਕਾਰ ਲਈ ਲਿਜਾਈ ਜਾ ਰਹੀ ਪੁੱਤ ਦੀ ਅਰਥੀ ਨੂੰ ਮਾਂ ਨੇ ਰੁਕਵਾਇਆ ਰਾਹ ''ਚ

03/23/2018 12:51:56 PM

ਗੁਰਾਇਆ (ਮੁਨੀਸ਼)— ਸਥਾਨਕ ਮੁਹੱਲਾ ਲਾਂਗੜੀਆਂ ਵਿਖੇ ਬੁੱਧਵਾਰ ਨੂੰ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦ ਇਕ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਸਸਕਾਰ ਲਈ ਸ਼ਮਸ਼ਾਨਘਾਟ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ 'ਚ ਹੀ ਉਸ ਦੀ ਮਾਂ ਵੱਲੋਂ ਰੋਕ ਦਿੱਤਾ ਗਿਆ ਅਤੇ ਕਰੀਬ 2-3 ਘੰਟਿਆਂ ਦੇ ਬਾਅਦ ਪੁਲਸ ਦੀਆਂ ਕੋਸ਼ਿਸ਼ਾਂ ਅਤੇ ਪਤਵੰਤੇ ਸੱਜਣਾਂ ਦੀ ਦਖਲਅੰਦਾਜ਼ੀ ਦੇ ਬਾਅਦ ਮ੍ਰਿਤਕ ਵਿਅਕਤੀ ਦੀ ਲਾਸ਼ ਦਾ ਅੰਤਿਮ ਸਸਕਾਰ ਕੀਤਾ ਗਿਆ। 
ਜਾਣਕਾਰੀ ਮੁਤਾਬਕ ਟਰੱਕ ਯੂਨੀਅਨ ਗੁਰਾਇਆ ਦੇ ਸਾਬਕਾ ਪ੍ਰਧਾਨ ਨਿਰਮਲ ਕੁਮਾਰ ਮਿੰਦੀ ਦਾ ਮੰਗਲਵਾਰ ਰਾਤ ਦਿਹਾਂਤ ਹੋ ਗਿਆ ਸੀ। ਜਿਸ ਦਾ ਸਸਕਾਰ ਬੁੱਧਵਾਰ ਨੂੰ ਕੀਤਾ ਜਾਣਾ ਸੀ, ਜਦ ਉਸ ਦੀ ਲਾਸ਼ ਨੂੰ ਲਿਜਾਇਆ ਜਾ ਰਿਹਾ ਸੀ ਤਾਂ ਰਾਹ 'ਚ ਉਨ੍ਹਾਂ ਦੀ ਮਾਤਾ ਸਾਬਕਾ ਕੌਂਸਲਰ ਵਿਦਿਆ ਰਾਣੀ ਨੇ ਲਾਸ਼ ਨੂੰ ਰੋਕ ਲਿਆ ਅਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਹੱਤਿਆ ਕੀਤੀ ਗਈ ਹੈ, ਜਿਸ ਦੇ ਕਾਰਨ ਉਨ੍ਹਾਂ ਨੇ ਇਸ ਦੀ ਸ਼ਿਕਾਇਤ 181 'ਤੇ ਕਰ ਦਿੱਤੀ। ਸ਼ਿਕਾਇਤ ਮਿਲਣ ਦੇ ਬਾਅਦ ਮੌਕੇ 'ਤੇ ਵੱਡੀ ਗਿਣਤੀ 'ਚ ਐੱਸ. ਐੱਚ. ਓ. ਫਿਲੌਰ ਜਸਵਿੰਦਰ ਸਿੰਘ, ਸਬ ਇੰਸਪੈਕਟਰ ਊਸ਼ਾ ਰਾਣੀ, ਗੁਰਾਇਆ ਪੁਲਸ ਮੌਕੇ 'ਤੇ ਪਹੁੰਚੀ। ਸਾਬਕਾ ਕੌਂਸਲਰ ਵਿਦਿਆ ਨੇ ਪੁਲਸ ਨੂੰ ਕਿਹਾ ਕਿ ਉਸ ਦੇ ਪੁੱਤਰ ਨਿਰਮਲ ਮਿੰਦੀ ਨੂੰ ਕਮਲਜੀਤ ਕੌਰ ਫਿਲੌਰ ਗੰਨਾ ਪਿੰਡ 'ਚ ਦੋ ਦਿਨ ਪਹਿਲਾਂ ਲੈ ਗਈ ਸੀ। ਮੰਗਲਵਾਰ ਨੂੰ ਨਿਰਮਲ ਦੀ ਮੌਤ ਦੀ ਸੂਚਨਾ ਆਈ, ਜਿਸ ਬਾਰੇ 'ਚ ਉਨ੍ਹਾਂ ਨੂੰ ਨਹੀਂ ਦੱਸਿਆ ਗਿਆ ਸੀ। ਉਸ ਨੇ ਸ਼ੱਕ ਜ਼ਾਹਰ ਕੀਤਾ ਕਿ ਉਸ ਦੇ ਪੁੱਤਰ ਦੀ ਹੱਤਿਆ ਕੀਤੀ ਗਈ ਹੈ। ਉਥੇ ਹੀ ਕਮਲਜੀਤ ਕੌਰ ਨੇ ਪੁਲਸ ਨੂੰ ਦੱਸਿਆ ਕਿ ਨਿਰਮਲ ਕੁਮਾਰ ਮਿੰਦੀ ਉਸ ਨੂੰ ਵਿਆਹ ਕਰਕੇ ਸੱਤ ਸਾਲ ਪਹਿਲਾਂ ਲਿਆਇਆ ਸੀ ਉਹ ਕਾਫੀ ਸਮੇਂ ਤੋਂ ਬੀਮਾਰ ਸੀ, ਜਿਸ ਦੀ ਦੇਖਭਾਲ ਉਹ ਕਰਦੀ ਸੀ ਅਤੇ ਉਸ ਦਾ ਹਸਪਤਾਲ 'ਚ ਕਾਫੀ ਸਮੇਂ ਤੋਂ ਇਲਾਜ ਚਲ ਰਿਹਾ ਸੀ ਅਤੇ ਬੀਤੇ ਦਿਨੀਂ ਮੌਤ ਹੋ ਗਈ। ਉਸ 'ਤੇ ਝੂਠੇ ਦੋਸ਼ ਲਾਏ ਜਾ ਰਹੇ ਹਨ। 
ਉਥੇ ਹੀ ਮੌਕੇ 'ਤੇ ਪਹੁੰਚੇ ਐੱਸ. ਐੱਚ. ਓ. ਫਿਲੌਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆ ਰਾਣੀ ਵੱਲੋਂ 181 ਨੰਬਰ 'ਤੇ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਿਸ ਦੇ ਬਾਅਦ ਪੁਲਸ ਮੌਕੇ 'ਤੇ ਆਈ ਹੈ ਪਰ ਹੁਣ ਵਿਦਿਆ ਰਾਣੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਸ ਨੂੰ ਸ਼ੱਕ ਸੀ ਜੋ ਹੁਣ ਦੂਰ ਹੋ ਗਿਆ ਹੈ, ਜਿਸ ਦੇ ਬਾਅਦ ਨਿਰਮਲ ਕੁਮਾਰ ਮਿੰਦੀ ਦੀ ਲਾਸ਼ ਦਾ ਸਸਕਾਰ ਕੀਤਾ ਗਿਆ।


Related News