ਹੋਮਗਾਰਡ ਜਵਾਨ ਨੇ ਦਿੱਤਾ ਈਮਾਨਦਾਰੀ ਦਾ ਸਬੂਤ

03/23/2018 10:24:45 AM

ਅੰਮ੍ਰਿਤਸਰ (ਅਰੋੜਾ) : ਅੱਜ ਦੇ ਆਧੁਨਿਕ ਯੁੱਗ 'ਚ ਜ਼ਿਆਦਾਤਰ ਲੋਕਾਂ ਦੇ ਦਿਲ ਵਿਚ ਈਮਾਨਦਾਰੀ ਰਫੂਚੱਕਰ ਹੋ ਚੁੱਕੀ ਹੈ ਅਤੇ ਹਰੇਕ ਵਿਅਕਤੀ ਆਪਣੇ ਨਿੱਜੀ ਸਵਾਰਥ ਵੱਲ ਧਿਆਨ ਦੇਣਾ ਚਾਹੁੰਦਾ ਹੈ ਪਰ ਇਹ ਗੱਲ ਵੀ ਸੱਚ ਹੈ ਕਿ ਅੱਜ ਵੀ ਸਮਾਜ ਵਿਚ ਈਮਾਨਦਾਰੀ ਜ਼ਿੰਦਾ ਹੈ ਅਤੇ ਅਜਿਹੀ ਸੋਚ ਰੱਖਣ ਵਾਲੇ ਲੋਕ ਆਪਣੀ ਮਿਹਨਤ ਨਾਲ ਕਮਾਏ ਪੈਸਿਆਂ ਦੇ ਬਲਬੂਤੇ 'ਤੇ ਹੀ ਜੀਵਨ ਬਤੀਤ ਕਰਦੇ ਹਨ। ਅਜਿਹਾ ਹੀ ਇਕ ਸਬੂਤ ਛੇਹਰਟਾ ਥਾਣਾ ਦੇ ਪੈਂਦੇ ਖੇਤਰ ਖੰਡਵਾਲਾ ਵਿਖੇ ਇਕ ਹੋਮਗਾਰਡ ਸਤਪਾਲ ਪੁੱਤਰ ਪ੍ਰਕਾਸ਼ ਚੰਦ ਵਾਸੀ ਕੋਟ ਖਾਲਸਾ ਦਸਮੇਸ਼ ਨਗਰ ਦੀ ਈਮਾਨਦਾਰੀ ਤੋਂ ਮਿਲਿਆ।  ਇਸ ਹੋਮਗਾਰਡ ਨੂੰ ਇਕ ਲੇਡੀਜ਼ ਪਰਸ ਜਿਸ ਵਿਚ ਕੁਝ ਰੁਪਏ ਸਨ, ਖੰਡਵਾਲਾ ਚੌਕ 'ਚ ਡਿਊਟੀ ਕਰਦੇ ਸੜਕ 'ਤੇ ਡਿੱਗਾ ਮਿਲਿਆ ਤਾਂ ਉਸ ਨੇ ਪਰਸ ਖੋਲ੍ਹਣ ਤੋਂ ਪਹਿਲਾਂ ਆਲੇ-ਦੁਆਲੇ ਦੇ ਦੁਕਾਨਦਾਰਾਂ ਨੂੰ ਬੁਲਾ ਕੇ ਪਰਸ ਦੇ ਮਾਲਕ ਦਾ ਨਾਂ ਜਾਣਨ ਦੀ ਕੋਸ਼ਿਸ਼ ਕੀਤੀ। ਜਦੋਂ ਪਰਸ ਵਿਚ ਪੈਸਿਆਂ ਤੋਂ ਇਲਾਵਾ ਕੁਝ ਨਾ ਮਿਲਿਆ ਤਾਂ ਹੋਮਗਾਰਡ ਜਵਾਨ ਅਤੇ ਖੇਤਰ ਵਾਸੀਆਂ ਨੇ ਇਹ ਪਰਸ ਖੰਡਵਾਲਾ ਚੌਕ 'ਚ ਪੈਂਦੇ ਜਗ ਬਾਣੀ ਦਫਤਰ ਦੇ ਪ੍ਰਤੀਨਿਧੀ ਨੂੰ ਜਮ੍ਹਾ ਕਰਵਾਇਆ, ਜਿਨ੍ਹਾਂ ਨੇ ਪਰਸ ਮਿਲਣ ਦੀ ਸੂਚਨਾ ਛੇਹਰਟਾ ਥਾਣਾ ਦੇ ਇੰਚਾਰਜ ਹਰੀਸ਼ ਬਹਿਲ ਨੂੰ ਦਿੱਤੀ ਤਾਂ ਕਿ ਜਿਸ ਕਿਸੇ ਵੀ ਔਰਤ ਦਾ ਇਹ ਪਰਸ ਹੋਵੇ ਉਹ ਆ ਕੇ ਲੈ ਜਾਵੇ। ਹੋਮਗਾਰਡ ਜਵਾਨ ਦੀ ਈਮਾਨਦਾਰੀ ਨੂੰ ਦੇਖਦਿਆਂ ਖੇਤਰ ਵਾਸੀਆਂ ਨੇ ਉਸ ਦੀ ਭਰਪੂਰ ਸ਼ਲਾਘਾ ਕੀਤੀ।


Related News