ਸੜਕ ਹਾਦਸੇ ''ਚ ਇਕੋ ਪਰਿਵਾਰ ਦੇ 5 ਮੈਂਬਰ ਜ਼ਖ਼ਮੀ

03/23/2018 8:13:27 AM

ਫ਼ਰੀਦਕੋਟ (ਰਾਜਨ) - ਜ਼ਿਲੇ ਦੇ ਪਿੰਡ ਕਲੇਰ ਨਜ਼ਦੀਕ ਇਕ ਗੱਡੀ 'ਚ ਸਵਾਰ ਇਕੋ ਹੀ ਪਰਿਵਾਰ ਦੇ 5 ਮੈਂਬਰ ਉਸ ਵੇਲੇ ਜ਼ਖ਼ਮੀ ਹੋ ਗਏ, ਜਦੋਂ ਪਿੱਛਿਓਂ ਆ ਰਹੀ ਗੱਡੀ ਦੇ ਚਾਲਕ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਮੌਕੇ 'ਤੇ ਮੌਜੂਦ ਇਲਾਕਾ ਨਿਵਾਸੀਆਂ ਦੀ ਸਹਾਇਤਾ ਨਾਲ ਐਂਬੂਲੈਂਸ ਦਾ ਪ੍ਰਬੰਧ ਕਰ ਕੇ ਜ਼ਖ਼ਮੀਆਂ ਨੂੰ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਖਬਰ ਲਿਖੇ ਜਾਣ ਤੱਕ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਇਲਾਵਾ ਡਾਕਟਰਾਂ ਵੱਲੋਂ ਟੈਸਟ ਕੀਤੇ ਜਾ ਰਹੇ ਸਨ।
ਪਰਿਵਾਰ ਦੇ ਜ਼ਖ਼ਮੀ ਨੌਜਵਾਨ ਲੜਕੇ ਜਗਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਵਿਆਹ ਸਬੰਧੀ ਪਰਿਵਾਰ ਦੇ ਸਾਰੇ ਜੀਅ ਫਰੀਦਕੋਟ ਵਿਖੇ ਕੱਪੜੇ ਆਦਿ ਖਰੀਦਣ ਲਈ ਆ ਰਹੇ ਸਨ ਅਤੇ ਜਿਪਸੀ ਉਸ ਦਾ ਚਾਚਾ ਜਗਸੀਰ ਸਿੰਘ ਚਲਾ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਨੇ ਖੁਦ ਦੇਖਿਆ ਕਿ ਪਿੱਛੋਂ ਇਕ ਗੱਡੀ ਬਹੁਤ ਹੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਅਤੇ ਉਸ ਨੂੰ ਚਲਾ ਰਹੇ ਡਰਾਈਵਰ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਸਨ। ਉਸ ਦੇ ਦੇਖਦੇ ਹੀ ਦੇਖਦੇ ਉਸ ਨੇ ਆਪਣੀ ਗੱਡੀ ਉਨ੍ਹਾਂ ਦੀ ਜਿਪਸੀ ਪਿੱਛੇ ਮਾਰ ਦਿੱਤੀ।
ਇਸ ਦੁਰਘਟਨਾ ਤੋਂ ਬਾਅਦ ਜਦੋਂ ਡਰਾਈਵਰ ਫਰਾਰ ਹੋਣ ਲੱਗਾ ਤਾਂ ਮੌਕੇ 'ਤੇ ਮੌਜੂਦ ਇਲਾਕਾ ਨਿਵਾਸੀਆਂ ਨੇ ਉਸ ਨੂੰ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ ਹੈ। ਉਸ ਨੇ ਦੱਸਿਆ ਕਿ ਜ਼ਖਮੀਆਂ 'ਚ ਉਸ ਤੋਂ ਇਲਾਵਾ ਨਵਦੀਪ ਕੌਰ (47), ਪਰਮਜੀਤ ਕੌਰ (47), ਮਨਪ੍ਰੀਤ ਕੌਰ (30) ਅਤੇ ਨਵਦੀਪ ਸਿੰਘ ਸ਼ਾਮਲ ਹਨ। ਇਸ ਸਮੇਂ ਏ. ਐੱਸ. ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਜਿਸ ਗੱਡੀ ਦੀ ਟੱਕਰ ਮਾਰੇ ਜਾਣ ਕਾਰਨ ਇਹ ਹਾਦਸਾ ਵਾਪਰਿਆ, ਉਸ ਨੂੰ ਸ਼ਨਾਖਤ ਕੀਤੇ ਗਏ ਅਨੁਸਾਰ ਫਿਰੋਜ਼ਪੁਰ ਜੇਲ ਦਾ ਹੌਲਦਾਰ ਗੁਰਤੇਜ ਸਿੰਘ ਚਲਾ ਰਿਹਾ ਸੀ, ਜਿਸ ਨੂੰ ਨਿਯਮਾਂ ਅਨੁਸਾਰ ਉਸ ਦਾ ਮੈਡੀਕਲ ਕਰਵਾਉਣ ਲਈ ਇੱਥੇ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਡਾਕਟਰੀ ਮੁਆਇਨੇ ਵਿਚ ਕਿਸੇ ਵੀ ਕਿਸਮ ਦੇ ਨਸ਼ੇ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਦੋਂ ਫਿਰੋਜ਼ਪੁਰ ਦੇ ਹੌਲਦਾਰ ਡਰਾਈਵਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਹ ਟੈਨਸ਼ਨ ਵਾਸਤੇ ਦਵਾਈ ਖਾਂਦਾ ਹੈ ਅਤੇ ਇਸ ਕਾਰਨ ਉਸ ਨੂੰ ਥੋੜ੍ਹਾ ਜਿਹਾ ਨਸ਼ਾ ਮਹਿਸੂਸ ਹੁੰਦਾ ਹੈ। ਉਸ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਇਕ ਕੈਦੀ ਨੂੰ ਹਸਪਤਾਲ 'ਚ ਇਲਾਜ ਅਧੀਨ ਦਾਖਲ ਕਰਵਾਇਆ ਗਿਆ, ਜਿਸ ਸਬੰਧੀ ਉਹ ਵੀ ਗੱਡੀ 'ਤੇ ਫਰੀਦਕੋਟ ਵੱਲ ਹੀ ਆ ਰਿਹਾ ਸੀ ਅਤੇ ਉਸ ਦੀ ਅੱਖ ਲੱਗਣ ਕਾਰਨ ਇਹ ਹਾਦਸਾ ਵਾਪਰਿਆ।


Related News