ਸਿਲੰਡਰ ਭਰਵਾਉਣ ਗਏ 11ਵੀਂ ਦੇ ਵਿਦਿਆਰਥੀ ਨੂੰ ਤੇਜ਼ ਰਫਤਾਰ ਟਰੱਕ ਨੇ ਕੁਚਲਿਆ, ਮੌਤ

03/23/2018 2:23:20 AM

ਗੋਨਿਆਣਾ,   (ਗੋਰਾ ਲਾਲ)-  ਸਥਾਨਕ ਰੇਲਵੇ ਮਾਲ ਗੋਦਾਮ ਰੋਡ ਕੋਲ ਹੋਏ ਟਰੱਕ ਅਤੇ ਮੋਟਰਸਾਈਕਲ ਦੀ ਟੱਕਰ 'ਚ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਨੌਜਵਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗੋਨਿਆਣਾ ਮੰਡੀ ਵਿਖੇ 11ਵੀਂ ਦਾ ਵਿਦਿਆਰਥੀ ਸੀ।
ਜਾਣਕਾਰੀ ਅਨੁਸਾਰ ਗੌਰਵ ਪੁੱਤਰ ਸੰਜੇ ਕੁਮਾਰ ਰਾਜਾ ਬਸਤੀ ਅਤੇ ਸ਼ੇਖਰ ਕੁਮਾਰ (18) ਪੁੱਤਰ ਕ੍ਰਿਸ਼ਨ ਕੁਮਾਰ ਗੁਰੂ ਨਾਨਕ ਨਗਰ ਗੋਨਿਆਣਾ ਮੰਡੀ ਆਪਣੇ ਮੋਟਰਸਾਈਕਲ ਨੰਬਰ ਪੀ. ਬੀ-03 ਐਕਸ-2969 'ਤੇ ਗੈਸ ਸਿਲੰਡਰ ਭਰਵਾ ਕੇ ਆਪਣੇ ਘਰ ਜਾ ਰਹੇ ਸਨ ਕਿ ਜਦੋਂ ਉਹ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਵੱਲ ਮੁੜਨ ਲੱਗੇ ਤਾ ਰੇਲਵੇ ਸਟੇਸ਼ਨ ਵਾਲੇ ਪਾਸਿਓਂ ਆ ਰਹੇ ਕਣਕ ਦੀਆਂ ਬੋਰੀਆਂ ਨਾਲ ਭਰੇ ਹੋਏ ਇਕ ਤੇਜ਼ ਰਫ਼ਤਾਰ ਟਰੱਕ ਨੰਬਰ ਪੀ. ਬੀ-03 ਐੱਸ-0349 ਦੇ ਚਾਲਕ ਨੇ ਮੋਟਰਸਾਈਕਲ ਵਿਚ ਟੱਕਰ ਮਾਰ ਦਿੱਤੀ, ਜਿਸ ਨਾਲ ਮੋਟਰਸਾਈਕਲ ਦਾ ਚਾਲਕ ਗੌਰਵ ਸੜਕ ਦੇ ਦੂਸਰੇ ਪਾਸੇ ਡਿੱਗ ਪਿਆ, ਜਦੋਂ ਕਿ ਸ਼ੇਖਰ ਕੁਮਾਰ ਸੜਕ ਵਾਲੇ ਪਾਸੇ ਡਿੱਗ ਪਿਆ ਤੇ ਸ਼ੇਖਰ ਕੁਮਾਰ ਦੀ ਟਰੱਕ ਹੇਠ ਆਉਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। 
ਇਸ ਹਾਦਸੇ ਤੋਂ ਬਾਅਦ ਜਦੋਂ ਟਰੱਕ ਚਾਲਕ ਆਪਣਾ ਟਰੱੱਕ ਭਜਾ ਕੇ ਲਿਜਾਣ ਲੱਗਾ ਤਾਂ ਨਜ਼ਦੀਕੀ ਲੋਕਾਂ ਨੇ ਉਸ ਨੂੰ ਕਾਬੂ ਕਰ ਕੇ ਟਰੱਕ ਸਮੇਤ ਪੁਲਸ ਦੇ ਹਵਾਲੇ ਕਰ ਦਿੱਤਾ। ਟਰੱਕ ਚਾਲਕ ਦੀ ਪਛਾਣ ਸੰਦੀਪ ਸਿੰਘ (ਸੰਨੀ) ਪੁੱਤਰ ਹਰਬੰਸ ਸਿੰਘ ਵਾਸੀ ਹਰਰਾਏਪੁਰ ਵਜੋਂ ਹੋਈ ਹੈ। ਸੂਚਨਾ ਮਿਲਣ 'ਤੇ ਨੌਜਵਾਨ ਵੈੱਲਫੇਅਰ ਸੋਸਾਇਟੀ ਬਠਿੰਡਾ ਦੇ ਨੌਜਵਾਨ ਵੀ ਪਹੁੰਚ ਗਏ। ਜਿਨ੍ਹਾਂ ਨੇ ਲਾਸ਼ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਭੇਜ ਦਿੱਤਾ ਅਤੇ ਗੋਨਿਆਣਾ ਪੁਲਸ ਚੌਕੀ ਦੇ ਇੰਚਾਰਜ ਬੂਟਾ ਸਿੰਘ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੋਨਿਆਣਾ -ਨੌਜਵਾਨ ਸ਼ੇਖਰ ਕੁਮਾਰ  ਦੀ ਮੌਤ ਤੋਂ ਬਾਅਦ ਭੜਕੀ ਹੋਈ ਭੀੜ ਨੇ ਟਰੱਕ ਯੂਨੀਅਨ ਗੋਨਿਆਣਾ ਅਤੇ ਟਰੱਕਾਂ ਰਾਹੀਂ ਸਪੈਸ਼ਲ ਰੇਲ ਗੱਡੀ ਲੋਡ ਕਰਵਾਉਣ ਵਾਲੇ ਠੇਕੇਦਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਰੇਲਵੇ ਫਾਟਕ ਕੋਲ ਰੇਲਵੇ ਲਾਈਨਾਂ 'ਚ ਬੈਠ ਕੇ ਇਕ ਘੰਟੇ ਤੋਂ ਵੱਧ ਸਮਾਂ ਧਰਨਾ ਦਿੱਤਾ, ਜਿਸ ਨਾਲ ਰੇਲਵੇ ਆਵਾਜਾਈ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ। ਰੇਲਵੇ ਪੁਲਸ ਅਤੇ ਥਾਣਾ ਨੇਹੀਆਂ ਵਾਲਾ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਉਕਤ ਮਸਲੇ ਨੁੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਭੜਕੀ ਹੋਈ ਭੀੜ ਨੇ ਪੁਲਸ ਦੀ ਇਕ ਨਹੀਂ ਸੁਣੀ। ਕੁਝ ਸਮੇਂ ਬਾਅਦ ਪੁਲਸ ਨੇ ਭੜਕੀ ਭੀੜ ਨੂੰ ਸਮਝਾ ਕੇ ਰੇਲਵੇ ਆਵਾਜਾਈ ਨੂੰ ਚਾਲੂ ਕਰਵਾਇਆ। ਖਬਰ ਲਿਖੇ ਜਾਣ ਤੱਕ ਮਸਲਾ ਜਿਉਂ ਦਾ ਤਿਉਂ ਬਰਕਰਾਰ ਸੀ। ਮ੍ਰਿਤਕ ਦੇ ਪਿਤਾ ਕ੍ਰਿਸ਼ਨ ਕੁਮਾਰ ਨੇ ਰੋਂਦੇ ਹੋਏ ਦੱਸਿਆ ਕਿ ਸ਼ੇਖਰ ਉਨ੍ਹਾਂ ਦਾ ਇਕਲੌਤਾ ਹੀ ਬੇਟਾ ਸੀ, ਜੋ ਗੋਨਿਆਣਾ ਮੰਡੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ 11ਵੀਂ ਜਮਾਤ 'ਚ ਪੜ੍ਹਦਾ ਸੀ, ਜਦੋਂ ਕਿ ਉਨ੍ਹਾਂ ਦੇ ਦੂਸਰੇ ਬੇਟੇ ਦੀ ਮੌਤ ਛੇ ਕੁ ਸਾਲ ਪਹਿਲਾਂ ਹੋ ਗਈ ਸੀ। ਗੋਨਿਆਣਾ ਭਾਈ ਜਗਤਾ ਜੀ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਸ਼੍ਰੀ ਮੀਨਾ ਨੇ ਕਿਹਾ ਕਿ ਭੜਕੀ ਭੀੜ ਵੱਲੋ ਲਾਏ ਗਏ ਧਰਨੇ ਦੌਰਾਨ ਜੰਮੂ ਤੋਂ ਅਹਿਮਦਾਬਾਦ ਜਾਣ ਵਾਲੀ ਮੇਲ ਗੱਡੀ ਨੰਬਰ 19224 ਇਕ ਘੰਟਾ ਤੋਂ ਵੱਧ ਸਮਾਂ ਗੋਨਿਆਣਾ ਭਾਈ ਜਗਤਾ ਜੀ ਰੇਲਵੇ ਸਟੇਸ਼ਨ 'ਤੇ ਰੁਕੀ ਰਹੀ ਅਤੇ ਹੋਰ ਕਈ ਗੱਡੀਆਂ ਵੀ ਆਪਣੇ ਸਮੇਂ ਤੋਂ ਪੱਛੜ ਕੇ ਚੱਲੀਆਂ। 


Related News