ਰੋਡਵੇਜ਼ ਕਾਮਿਆਂ ਵੱਲੋਂ ਬੱਸਾਂ ਦਾ ਚੱਕਾ ਜਾਮ, ਠੇਕੇਦਾਰੀ ਸਿਸਟਮ ਬੰਦ ਕਰਨ ਦੀ ਮੰਗ

03/22/2018 11:30:21 PM

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਪੰਜਾਬ ਰੋਡਵੇਜ਼ ਕਰਮਚਾਰੀਆਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਅੱਜ ਰੋਡਵੇਜ਼ ਦੇ ਕਰਮਚਾਰੀਆਂ ਨੇ ਆਪਣੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ 2 ਘੰਟੇ ਤੱਕ ਰੋਡਵੇਜ਼ ਤੇ ਪਨਬੱਸ ਬੱਸਾਂ ਦਾ ਚੱਕਾ ਜਾਮ ਰੱਖਿਆ।
ਕਰਮਚਾਰੀਆਂ ਨੇ ਬੱਸ ਅੱਡੇ 'ਤੇ ਗੇਟ ਰੈਲੀ ਕਰ ਕੇ ਟਰਾਂਸਪੋਰਟ ਮੰਤਰੀ ਤੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਗੇਟ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੂਬਾ ਜੁਆਇੰਟ ਸਕੱਤਰ ਏਟਕ ਦਵਿੰਦਰ ਕੁਮਾਰ, ਦਲੇਰ ਸਿੰਘ ਪ੍ਰਧਾਨ ਏਟਕ, ਹਰਜਿੰਦਰ ਸਿੰਘ ਗਿੱਲ ਇੰਟਕ ਪ੍ਰਧਾਨ, ਸੋਢੀ ਸਿੰਘ ਪ੍ਰਧਾਨ ਕਰਮਚਾਰੀ ਯੂਨੀਅਨ, ਜਸਪਾਲ ਸਿੰਘ ਪ੍ਰਧਾਨ ਐੱਸ.ਸੀ. ਯੂਨੀਅਨ, ਹਰਦੀਪ ਸਿੰਘ ਕਾਹਲੋਂ ਪ੍ਰਧਾਨ ਪਨਬੱਸ ਯੂਨੀਅਨ, ਪ੍ਰੀਤਮ ਸਿੰਘ ਪ੍ਰਧਾਨ ਵਰਕਸ਼ਾਪ ਯੂਨੀਅਨ ਤੇ ਧਰਮਵੀਰ ਡਰਾਈਵਰ ਯੂਨੀਅਨ ਨੇ ਕਿਹਾ ਕਿ ਰੋਡਵੇਜ਼ ਕਰਮਚਾਰੀ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਪਰ ਸਾਬਕਾ ਸਰਕਾਰ ਦੀ ਤਰ੍ਹਾਂ ਮੌਜੂਦਾ ਸਰਕਾਰ ਵੀ ਕਰਮਚਾਰੀਆਂ ਦੀਆਂ ਮੰਗਾਂ ਨੂੰ ਦਰਕਿਨਾਰ ਕਰ ਰਹੀ ਹੈ, ਜਿਸ ਨਾਲ ਸਮੂਹ ਕਰਮਚਾਰੀਆਂ 'ਚ ਸਰਕਾਰ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ 3 ਤੋਂ 5 ਅਪ੍ਰੈਲ ਤੱਕ ਡਾਇਰੈਕਟਰ ਰੋਡਵੇਜ਼ ਦੇ ਦਫਤਰ ਦੇ ਬਾਹਰ ਰੋਸ ਧਰਨੇ ਦਿੱਤੇ ਜਾਣਗੇ ਤੇ 26 ਅਪ੍ਰੈਲ ਨੂੰ ਮੋਹਾਲੀ ਦੇ ਫੇਜ਼ 6 'ਚ ਰੋਡਵੇਜ਼ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਰੂਪਨਗਰ, (ਵਿਜੇ)- ਪੰਜਾਬ ਰੋਡਵੇਜ਼/ਪਨਬੱਸ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਅੱਜ ਸਮੂਹ ਬੱਸ ਅੱਡੇ 12 ਤੋਂ ਲੈ ਕੇ 2 ਵਜੇ ਤੱਕ ਬੰਦ ਕਰ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਪੰਜਾਬ ਰੋਡਵੇਜ਼/ਪਨਬੱਸ ਮੁਲਾਜ਼ਮਾਂ ਨੇ ਸਰਕਾਰ ਦੇ ਖਿਲਾਫ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਦਾ ਲੰਬੇ ਸਮੇਂ ਤੋਂ ਹੱਲ ਨਹੀਂ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਉਕਤ ਪ੍ਰਦਰਸ਼ਨ ਕਰਨ ਲਈ ਮਜੂਬਰ ਹੋਣਾ ਪਿਆ। 
ਇਸ ਮੌਕੇ ਗੁਰਦੇਵ ਸਿੰਘ ਸੂਬਾ ਸੀਨੀਅਰ ਮੀਤ ਪ੍ਰਧਾਨ ਏਟਕ, ਗੁਰਦਿਆਲ ਸਿੰਘ ਜਨਰਲ ਸਕੱਤਰ ਕੰਡਕਟਰ ਯੂਨੀਅਨ, ਬਲਦੇਵ ਸਿੰਘ, ਤਰਲੋਚਨ ਸਿੰਘ, ਜਗਜੀਤ ਸਿੰਘ, ਬਲਵਿੰਦਰ ਸਿੰਘ ਪ੍ਰਧਾਨ ਏਟਕ, ਇੰਦਰਜੀਤ ਸਿੰਘ, ਰਵਿੰਦਰਪਾਲ ਸਿੰਘ ਸੁਖਜਿੰਦਰ ਸਿੰਘ ਪ੍ਰਧਾਨ ਇੰਟਕ ਵੀ ਮੌਜੂਦ ਸਨ।
ਵਿਦਿਆਰਥੀ ਤੇ ਬਜ਼ੁਰਗ ਹੋਏ ਪ੍ਰੇਸ਼ਾਨPunjabKesari
ਦੂਜੇ ਪਾਸੇ ਪੰਜਾਬ ਰੋਡਵੇਜ਼/ਪਨਬੱਸ ਮੁਲਾਜ਼ਮਾਂ ਦੇ ਉਕਤ ਪ੍ਰਦਰਸ਼ਨ ਦੇ ਕਾਰਨ ਬੱਸਾਂ ਅੱਡਿਆਂ 'ਤੇ ਨਾ ਪਹੁੰਚਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਖਾਸਕਰ ਸਕੂਲ-ਕਾਲਜਾਂ ਦੀਆਂ ਵਿਦਿਆਰਥਣਾਂ ਅਤੇ ਮਹਿਲਾ ਯਾਤਰੀਆਂ ਨੂੰ ਬੱਸਾਂ ਲੈਣ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਬੱਸਾਂ ਦੀ ਕਾਫੀ ਸਮੇਂ ਤੱਕ ਉਡੀਕ ਕਰਨੀ ਪਈ।
ਇਹ ਹਨ ਮੰਗਾਂ 
ਠੇਕੇਦਾਰੀ ਸਿਸਟਮ ਨੂੰ ਬੰਦ ਤੇ ਖਾਲੀ ਆਸਾਮੀਆਂ 'ਤੇ ਰੈਗੂਲਰ ਭਰਤੀ ਕੀਤੀ ਜਾਵੇ।
ਕਿਲੋਮੀਟਰ ਸਕੀਮ 'ਚ ਬੱਸਾਂ ਨੂੰ ਪਾਉਣਾ ਬੰਦ ਕੀਤਾ ਜਾਵੇ।
ਰੋਡਵੇਜ਼ ਦੇ ਬੇੜੇ 'ਚ ਨਵੀਆਂ ਬੱਸਾਂ ਪਾਈਆਂ ਜਾਣ।
6 ਵੇਂ ਪੇ-ਕਮਿਸ਼ਨ ਦੀ ਰਿਪੋਰਟ ਛੇਤੀ ਲਾਗੂ ਕੀਤੀ ਜਾਵੇ।
ਕਰਮਚਾਰੀਆਂ ਦਾ 22 ਮਹੀਨਿਆਂ ਦਾ ਡੀ.ਏ. ਛੇਤੀ ਰਿਲੀਜ਼ ਕੀਤਾ ਜਾਵੇ।
ਡੀ.ਏ. ਦੀਆਂ ਡਿਊ ਕਿਸ਼ਤਾਂ ਜਾਰੀ ਕੀਤੀਆਂ ਜਾਣ।
ਪਨਬੱਸ ਦੀਆਂ ਕਰਜ਼ਾ ਮੁਕਤ ਹੋ ਚੁੱਕੀਆਂ ਬੱਸਾਂ ਨੂੰ ਸਮੁੱਚੇ ਸਟਾਫ਼ ਸਮੇਤ ਰੋਡਵੇਜ਼ ਦੇ ਬੇੜੇ 'ਚ ਸ਼ਾਮਲ ਕੀਤਾ ਜਾਵੇ।
ਟਾਈਮ ਟੇਬਲ 'ਚ ਚੱਲ ਰਹੀਆਂ ਗੜਬੜੀਆਂ ਤੁਰੰਤ ਦੂਰ ਕੀਤੀਆਂ ਜਾਣ।


Related News