ਡੀ. ਸੀ. ਤੇ ਐੱਸ. ਐੱਸ. ਪੀ. ਨੇ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਕੀਤਾ ਦੁੱਖ ਸਾਂਝਾ

03/22/2018 10:47:20 AM

ਬਟਾਲਾ/ਫਤਿਹਗੜ੍ਹ ਚੂੜੀਆਂ/ਕਾਦੀਆਂ (ਬੇਰੀ, ਸੈਂਡੀ, ਮਠਾਰੂ, ਸਾਹਿਲ, ਸਾਰੰਗਲ, ਬਿਕਰਮਜੀਤ, ਰਿਆੜ, ਜ਼ੀਸ਼ਾਨ) - ਇਰਾਕ ਵਿਚ ਮਾਰੇ ਗਏ ਜ਼ਿਲਾ ਗੁਰਦਾਸਪੁਰ ਦੇ 4 ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਗੁਰਲਵਲੀਨ ਸਿੰਘ ਸਿੱਧੂ, ਐੱਸ. ਐੱਸ. ਪੀ. ਉਪਿੰਦਰਜੀਤ ਸਿੰਘ ਘੁੰਮਣ, ਐੱਸ. ਡੀ. ਐੱਮ. ਬਟਾਲਾ ਰੋਹਿਤ ਗੁਪਤਾ ਤੇ ਹੋਰ ਅਧਿਕਾਰੀ ਅੱਜ ਪਿੰਡ ਤਲਵੰਡੀ ਝਿਊਰਾਂ, ਬਟਾਲਾ ਦੇ ਮੁਹੱਲਾ ਤੇਲੀਆਂਵਾਲ, ਰੂਪੋਵਾਲੀ ਅਤੇ ਕਾਦੀਆਂ ਸ਼ਹਿਰ ਵਿਖੇ ਉਨ੍ਹਾਂ ਦੇ ਘਰ ਪਹੁੰਚੇ। 
ਡਿਪਟੀ ਕਮਿਸ਼ਨਰ ਸਿੱਧੂ ਅਤੇ ਐੱਸ. ਐੱਸ. ਪੀ. ਉਪਿੰਦਰਜੀਤ ਸਿੰਘ ਘੁੰਮਣ ਨੇ ਪਿੰਡ ਤਲਵੰਡੀ ਝਿਊਰ ਵਿਖੇ ਪਹੁੰਚ ਕੇ ਪਿੰਡ ਦਾ ਨੌਜਵਾਨ ਧਰਮਿੰਦਰ ਕੁਮਾਰ ਜੋ ਕਿ ਇਰਾਕ ਵਿਚ ਦਹਿਸ਼ਤਗਰਦਾਂ ਹੱਥੋਂ ਮਾਰਿਆ ਗਿਆ ਸੀ, ਦੇ ਮਾਤਾ-ਪਿਤਾ, ਹੋਰ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨਾਲ ਦੁੱਖ ਸਾਂਝਾ ਕੀਤਾ। ਡਿਪਟੀ ਕਮਿਸ਼ਨਰ ਨੇ ਪੀੜਤ ਪਰਿਵਾਰ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਸਰਕਾਰ ਉਨ੍ਹਾਂ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪਰਿਵਾਰਾਂ ਦੇ ਇਸ ਦੁੱਖ ਨੂੰ ਆਪਣਾ ਦੁੱਖ ਸਮਝਦੀ ਹੈ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਸ. ਸਿੱਧੂ ਅਤੇ ਐੱਸ. ਐੱਸ. ਪੀ. ਬਟਾਲਾ ਘੁੰਮਣ ਵੱਲੋਂ ਮੁਹੱਲਾ ਤੇਲੀਆਂਵਾਲ ਦੇ ਮਰਹੂਮ ਨੌਜਵਾਨ ਮਲਕੀਤ ਸਿੰਘ, ਪਿੰਡ ਰੂਪੋਵਾਲੀ ਦੇ ਨੌਜਵਾਨ ਕੰਵਲਜੀਤ ਸਿੰਘ ਅਤੇ ਕਾਦੀਆਂ ਨਿਵਾਸੀ ਨੌਜਵਾਨ ਰਾਕੇਸ਼ ਕੁਮਾਰ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਪੂਰੇ ਸਤਿਕਾਰ ਨਾਲ ਦੇਸ਼ ਵਿਚ ਲਿਆਂਦਾ ਜਾਵੇਗਾ ਤਾਂ ਜੋ ਪਰਿਵਾਰਕ ਮੈਂਬਰ ਉਨ੍ਹਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਣ। ਉਨ੍ਹਾਂ ਕਿਹਾ ਕਿ ਜਦੋਂ ਵੀ ਲਾਸ਼ਾਂ ਪਹੁੰਚਣ ਦੀ ਜਾਣਕਾਰੀ ਸਰਕਾਰ ਵੱਲੋਂ ਉਨ੍ਹਾਂ ਤੱਕ ਪਹੁੰਚੇਗੀ ਤਾਂ ਉਸੇ ਸਮੇਂ ਪਰਿਵਾਰਕ ਮੈਂਬਰਾਂ ਨੂੰ ਇਸਦੀ ਸੂਚਨਾ ਦੇ ਦਿੱਤੀ ਜਾਵੇਗੀ।


Related News