ਹਾਦਸੇ ''ਚ ਜ਼ਖਮੀ ਮੋਟਰਸਾਈਕਲ ਚਾਲਕ ਦੀ ਮੌਤ, ਮਾਮਲਾ ਦਰਜ

03/21/2018 5:24:06 PM

ਮੋਗਾ (ਅਜ਼ਾਦ) : ਬੀਤੀ ਰਾਤ ਪਿੰਡ ਡਰੋਲੀ ਭਾਈ ਨੇੜੇ ਅਣਪਛਾਤੇ ਵਹੀਕਲ ਦੀ ਲਪੇਟ 'ਚ ਆ ਕੇ ਜ਼ਖਮੀ ਹੋਏ ਤਰਸੇਮ ਸਿੰਘ (32) ਪੁੱਤਰ ਸ਼ੀਤਲ ਸਿੰਘ ਨਿਵਾਸੀ ਪਿੰਡ ਸੋਸ਼ਣ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ 'ਚ ਮੌਤ ਹੋ ਗਈ। ਇਸ ਸਬੰਧੀ ਥਾਣਾ ਸਦਰ ਪੁਲਸ ਵਲੋਂ ਮ੍ਰਿਤਕ ਦੇ ਭਰਾ ਜਗਤਾਰ ਸਿੰਘ ਪੁੱਤਰ ਸ਼ੀਤਲ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਵਹੀਕਲ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਹਾਦਸੇ ਦਾ ਪਤਾ ਲੱਗਣ 'ਤੇ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਪੁਲਸ ਸੂਤਰਾਂ ਅਨੁਸਾਰ ਤਰਸੇਮ ਸਿੰਘ ਜੋ ਦੋ ਬੱਚਿਆਂ ਦਾ ਪਿਤਾ ਸੀ ਆਪਣੇ ਭਰਾ ਜਗਤਾਰ ਸਿੰਘ ਨਾਲ ਪਿੰਡ ਮੰਗੇਵਾਲਾ 'ਚ ਲੱਕੜ ਮਿਸਤਰੀ ਦਾ ਕੰਮ ਕਰਦਾ ਸੀ। ਜਦ ਉਹ ਆਪਣੇ ਮੋਟਰਸਾਈਕਲ 'ਤੇ ਵਾਪਸ ਦੇਰ ਰਾਤ ਆ ਰਿਹਾ ਸੀ ਤਾਂ ਰਸਤੇ ਵਿਚ ਅਣਪਛਾਤੇ ਵਹੀਕਲ ਚਾਲਕ ਨੇ ਉਸ ਨੂੰ ਟੱਕਰ ਮਾਰੀ, ਜਿਸ 'ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਮੋਟਰਸਾਈਕਲ ਟੁੱਟ ਗਿਆ। ਪਿਛੇ ਆ ਰਹੇ ਉਸਦੇ ਭਰਾ ਜਗਤਾਰ ਸਿੰਘ ਜਦ ਪੁੱਜਿਆ ਤਾਂ ਉਸਨੇ ਦੇਖਿਆ ਕਿ ਉਹ ਆਪਣੇ ਭਰਾ ਨੂੰ ਤੁਰੰਤ ਸਿਵਲ ਹਸਪਤਾਲ ਮੋਗਾ ਲੈ ਆਇਆ।
ਡਾਕਟਰਾਂ ਨੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਫਰੀਦਕੋਟ ਰੈਫਰ ਕਰ ਦਿੱਤਾ ਉਥੇ ਦੇਰ ਰਾਤ ਉਸਨੇ ਦਮ ਤੋੜ ਦਿੱਤਾ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਤਰਸੇਮ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤਾ ਹੈ ਅਤੇ ਅਣਪਛਾਤੇ ਵਹੀਕਲ ਚਾਲਕ ਦੀ ਤਲਾਸ਼ ਕੀਤੀ ਜਾ ਰਹੀ ਹੈ।


Related News