ਕੈਨੇਡੀਅਨ ਪੀ. ਐੱਮ. ਟਰੂਡੋ ਨੂੰ ਤੋਹਫੇ 'ਚ ਮਿਲੀ ਖਾਸ ਪੇਂਟਿੰਗ

02/24/2018 6:45:56 PM

ਨਵੀਂ ਦਿੱਲੀ— ਪਿਛਲੇ ਦਿਨੀਂ ਮਥੁਰਾ ਵਿਚ ਇਕ ਹਾਥੀ ਸੁਰੱਖਿਆ ਅਤੇ ਦੇਖਭਾਲ ਕੇਂਦਲ ਦੀ ਸੈਰ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸੁਰੱਖਿਅਤ ਬਚਾਏ ਗਏ ਇਕ ਹਾਥੀ ਦੇ ਪੈਰ ਦੇ ਨਿਸ਼ਾਨ ਵਾਲੀ ਪੇਂਟਿੰਗ ਭੇਟ ਕੀਤੀ ਗਈ ਹੈ। ਕੇਂਦਰ ਨੂੰ ਸੰਚਾਲਤ ਕਰਨ ਵਾਲੀ ਜੰਗਲੀ ਜੀਵ ਸੰਸਥਾ 'ਵਾਈਲਡਲਾਈਫ ਐਸ. ਓ. ਐਸ' ਨੇ ਅੱਜ ਇਹ ਜਾਣਕਾਰੀ ਦਿੱਤੀ।
ਦੱਸਣਯੋਗ ਹੈ ਕਿ ਟਰੂਡੋ ਇਸ ਹਫਤੇ ਦੀ ਸ਼ੁਰੂਆਤ 'ਚ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨਾਲ 'ਵਾਈਲਡਲਾਈਫ ਐਸ. ਓ. ਐਸ' ਵਲੋਂ ਸੰਚਾਲਤ ਕੇਂਦਰ ਨੂੰ ਦੇਖਣ ਗਏ ਸਨ। 'ਵਾਈਲਡਲਾਈਫ ਐਸ. ਓ. ਐਸ'  ਦੇ ਸੰਸਥਾਪਕ ਕਾਰਤਿਕ ਸੱਤਿਆਨਾਰਾਇਣ ਅਤੇ ਗੀਤਾ ਸ਼ੇਸ਼ਮਣੀ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ 'ਫੁੱਲਕਲੀ' ਦੇ ਪੈਰ ਦੇ ਨਿਸ਼ਾਨ ਵਾਲੀ ਪੇਂਟਿੰਗ ਭੇਟ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੂੰ 'ਫੁੱਲਕਲੀ' ਦੀ ਤਸਵੀਰ ਭੇਟ ਕੀਤੀ ਗਈ। ਸੰਸਥਾ ਨੇ ਇਕ ਬਿਆਨ ਵਿਚ ਕਿਹਾ ਕਿ 'ਫੁੱਲਕਲੀ' ਨੂੰ ਆਪਣੇ ਮਾਲਕਾਂ ਦੇ ਹੱਥੋਂ ਕਈ ਸਾਲਾਂ ਦੇ ਸ਼ੋਸ਼ਣ ਅਤੇ ਅਣਦੇਖੀ ਤੋਂ ਬਾਅਦ ਸਾਲ 2012 'ਚ ਉੱਤਰ ਪ੍ਰਦੇਸ਼ ਤੋਂ ਛੁਡਵਾਇਆ ਗਿਆ ਸੀ। ਇੱਥੇ ਦੱਸ ਦੇਈਏ ਕਿ ਜਸਟਿਨ ਟਰੂਡੋ 17 ਫਰਵਰੀ ਨੂੰ ਆਪਣੇ ਪਰਿਵਾਰ ਨਾਲ ਭਾਰਤ ਦੌਰੇ 'ਤੇ ਆਏ ਅਤੇ ਅੱਜ ਉਹ ਵਾਪਸ ਆਪਣੇ ਦੇਸ਼ ਪਰਤ ਜਾਣਗੇ। ਭਾਰਤ ਦੌਰੇ ਦੌਰਾਨ ਟਰੂਡੋ ਨੇ ਗੁਜਰਾਤ, ਮੁੰਬਈ, ਆਗਰਾ, ਨਵੀਂ ਦਿੱਲੀ ਅਤੇ ਅੰਮ੍ਰਿਤਸਰ ਦਾ ਦੌਰਾ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।


Related News