ਮੂਸੇਵਾਲਾ ਦੇ ਮਾਪੇ ਬੋਲੇ, ਸਿੱਧੂ ਦੀ ਸੁਰੱਖਿਆ ਲੀਕ ਕਰਨ ਵਾਲੇ ਬਲਤੇਜ ਪੰਨੂੰ ''ਤੇ ਦਰਜ ਕੀਤਾ ਜਾਵੇ ਪਰਚਾ
Sunday, Oct 16, 2022 - 06:20 PM (IST)
ਮਾਨਸਾ(ਸੰਦੀਪ ਮਿੱਤਲ) : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਇਨਸਾਫ਼ ਲੈਣ ਲਈ ਸਾਨੂੰ ਸੜਕਾਂ 'ਤੇ ਉੱਤਰਨਾ ਹੀ ਪਵੇਗਾ। ਐਤਵਾਰ ਨੂੰ ਪਿੰਡ ਮੂਸਾ ਵਿਖੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸ਼ਕਾਂ ਨੂੰ ਸੰਬੋਧਨ ਕਰਦਿਆਂ ਉਸ ਦੀ ਮਾਂ ਚਰਨ ਕੌਰ ਨੇ ਕਿਹਾ ਕਿ ਜਿਹੜੇ ਅਧਿਕਾਰੀ ਬਲਤੇਜ ਪੰਨੂੰ ਨੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸੀ ਨੂੰ ਲੀਕ ਕੀਤਾ, ਉਸ 'ਤੇ ਹੁਣ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਸਿੱਧੂ ਨੂੰ ਇਨਸਾਫ਼ ਦੇਣ ਲਈ ਪੁਲਸ ਦਾ ਇਰਾਦਾ ਹੋਵੇ ਤਾਂ ਬਲਤੇਜ ਪੰਨੂੰ 'ਤੇ ਵੀ ਪਰਚਾ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਜਿਸ ਜੇਲ੍ਹ 'ਚ ਕਰਦਾ ਸੀ ਸਰਦਾਰੀ, ਉੱਥੋਂ ਦਾ ਹੀ ਬਣਿਆ ਹਵਾਲਾਤੀ, ਜਾਣੋ ਪੂਰਾ ਮਾਮਲਾ
ਸਿੱਧੂ ਦੇ ਮਾਪਿਆਂ ਨੇ ਕਿਹਾ ਕਿ ਆਮ ਆਦਮੀ ਦੀ ਗੱਲ ਕਰਨ ਵਾਲੀ 'ਆਪ' ਸਰਕਾਰ ਦੇ ਰਾਜ ਵਿੱਚ ਆਮ ਆਦਮੀ ਦੀ ਸੁਰੱਖਿਆ ਵੀ ਗੁਆਚ ਗਈ ਹੈ। ਆਮ ਆਦਮੀ ਵੀ ਹੁਣ ਸੁਰੱਖਿਅਤ ਨਹੀਂ ਰਿਹਾ। ਉਨ੍ਹਾਂ ਕਿਹਾ ਕਿ 'ਆਪ' ਦੇ 92 ਵਿਧਾਇਕਾਂ ਵਿੱਚੋਂ ਸਿੱਧੂ ਕਤਲਕਾਂਡ ਨੂੰ ਲੈ ਕੇ ਮੁੜ ਕਦੇ ਮੂੰਹ ਨਹੀਂ ਖੋਲ੍ਹਿਆ ਕਿਉਂਕਿ ਸਰਕਾਰਾਂ ਨੂੰ ਕੁਰਸੀਆਂ ਪਿਆਰੀਆਂ ਹਨ। ਲੋਕਾਂ ਦੇ ਧੀ-ਪੁੱਤ ਮਰਦੇ ਹਨ, ਉਸ ਦਾ ਉਨ੍ਹਾਂ ਨੂੰ ਕੋਈ ਦੁੱਖ ਨਹੀਂ। ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਹੁਣ ਸਿੱਧੂ ਕਤਲ ਦਾ ਇਨਸਾਫ਼ ਲੈਣ ਦੀ ਉਮੀਦ ਖ਼ਤਮ ਹੋ ਚੁੱਕੀ ਹੈ।
ਇਹ ਵੀ ਪੜ੍ਹੋ- ਕਪੂਰਥਲਾ 'ਚ ਗੁੰਡਾਗਰਦੀ ਦਾ ਨੰਗਾ-ਨਾਚ, ਓਵਰਟੇਕ ਕਰਨ 'ਤੇ ਪੁਲਸ ਮੁਲਾਜ਼ਮਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਉਧਰ ਪੰਜਾਬ ਪੁਲਸ ਨੇ ਗਾਇਕ ਮੂਸੇਵਾਲਾ ਕਤਲ ਕੇਸ 'ਚ ਗ੍ਰਿਫ਼ਤਾਰ ਮੁਲਜਮਾਂ ਦੀ ਸੁਰੱਖਿਆ ਵਧਾ ਦਿੱਤੀ ਹੈ। ਪੁਲਸ ਨੇ ਇਹ ਕਦਮ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਤੇ ਮੋਗਾ ਦੀ ਜ਼ਿਲ੍ਹਾ ਅਦਾਲਤ ‘ਚ ਪੇਸ਼ੀ ਵੇਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਸੀ. ਆਈ. ਏ. ਸਟਾਫ਼ ਮੋਗਾ ਦੇ ਇੰਚਾਰਜ ਕਿੱਕਰ ਸਿੰਘ ਨਾਲ ਹੱਸਣ ਵਾਲੀ ਵੀਡੀਓ ਵਾਇਰਲ ਹੋਣ ਮਗਰੋਂ ਚੁੱਕਿਆ ਹੈ। ਮਾਨਸਾ ਦੇ ਸੀਨੀਅਰ ਕਪਤਾਨ ਪੁਲਸ ਗੌਰਵ ਤੂਰਾ ਨੇ ਦੱਸਿਆ ਕਿ ਪੁਲਸ ਵੱਲੋਂ ਪਹਿਲਾਂ ਤੋਂ ਹੀ ਗੈਂਗਸਟਰਾਂ 'ਤੇ ਸਖ਼ਤੀ ਨਾਲ ਨਜ਼ਰ ਰੱਖੀ ਹੋਈ ਹੈ ਪਰ ਦੀਪਕ ਟੀਨੂੰ ਮਾਮਲੇ ਮਗਰੋਂ ਬਣੀ 'ਸਿਟ' ਸਮੇਤ ਪੰਜਾਬ ਪੁਲਸ ਨੇ ਮੂਸੇਵਾਲਾ ਦੇ ਕਾਤਲਾਂ ਦੀ ਸੁਰੱਖਿਆ ਵਿੱਚ ਹੋਰ ਵਾਧਾ ਕਰ ਦਿੱਤਾ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।