ਹੁਣ ਸੱਟਾ ਬਾਜ਼ਾਰ ਅਤੇ ਐਗਜ਼ਿਟ ਪੋਲ ਭਾਜਪਾ ਦੇ ਹੱਕ ’ਚ

Sunday, Jun 02, 2024 - 02:56 AM (IST)

ਭਾਰੀ ਹੀਟ ਵੇਵ ਦੇ ਦਰਮਿਆਨ ਦੇਸ਼ ’ਚ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ 1 ਜੂਨ ਨੂੰ 8 ਸੂਬਿਆਂ ਦੀਆਂ 57 ਸੀਟਾਂ ’ਤੇ ਹਿੰਸਾ, ਭੰਨ-ਤੋੜ ਅਤੇ ਵੋਟਿੰਗ ਮਸ਼ੀਨਾਂ ’ਚ ਖ਼ਰਾਬੀ ਕਾਰਨ ਲੋਕਾਂ ਦੀ ਨਾਰਾਜ਼ਗੀ ਦਰਮਿਆਨ ਪੂਰੀ ਹੋ ਗਈ।

ਇਨ੍ਹਾਂ ਚੋਣਾਂ ਦੌਰਾਨ ਕਿਸੇ ਵੀ ਪੜਾਅ ’ਚ ਸਾਲ 2019 ਦੀਆਂ ਚੋਣਾਂ ਦੇ ਅੰਕੜਿਆਂ ਦੇ ਬਰਾਬਰ ਵੋਟਿੰਗ ਨਹੀਂ ਹੋਈ ਜਿਸ ਦਾ ਕਾਰਨ ਪ੍ਰਚੰਡ ਗਰਮੀ ਦੇ ਮੌਸਮ ’ਚ ਚੋਣਾਂ ਕਰਵਾਉਣਾ ਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦ ਮੌਸਮ ਵਿਭਾਗ ਨੇ ਬਹੁਤ ਪਹਿਲਾਂ ਹੀ ਇਸ ਸਾਲ ਵੱਧ ਗਰਮੀ ਪੈਣ ਦੀ ਚਿਤਾਵਨੀ ਦਿੱਤੀ ਹੋਈ ਸੀ ਤਾਂ ਚੋਣ ਤਰੀਕਾਂ ਕੁਝ ਅੱਗੇ-ਪਿੱਛੇ ਮਿੱਥੀਆਂ ਜਾ ਸਕਦੀਆਂ ਸਨ।

ਅਜਿਹੇ ਲੋਕ ਵੀ ਸਾਹਮਣੇ ਆਏ ਜਿਨ੍ਹਾਂ ਨੇ ਵੋਟਿੰਗ ’ਚ ‘ਨੋਟਾ’ ਦਾ ਬਟਨ ਤਾਂ ਨਹੀਂ ਦਬਾਇਆ ਪਰ ਇਸ ਲਈ ਵੋਟਾਂ ਪਾਉਣ ਨਹੀਂ ਗਏ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਸਾਰੇ ਉਮੀਦਵਾਰ ਇਕੋ ਜਿਹੇ ਹੀ ਹਨ ਜਿਨ੍ਹਾਂ ਕੋਲੋਂ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਸੁਲਝਣ ਦੀ ਕੋਈ ਆਸ ਨਹੀਂ। ਜਦ ਲਗਾਤਾਰ ਬਿਜਲੀ ਅਤੇ ਪਾਣੀ ਵਰਗੀਆਂ ਸਹੂਲਤਾਂ ਹੀ ਨਹੀਂ ਮਿਲ ਰਹੀਆਂ ਤਾਂ ਅਸੀਂ ਵੋਟ ਪਾਉਣ ਕਿਉਂ ਜਾਈਏ? ਲੱਕ ਤੋੜ ਮਹਿੰਗਾਈ ਵੀ ਲੋਕਾਂ ਦੀ ਵੋਟਿੰਗ ਤੋਂ ਦੂਰੀ ਦਾ ਕਾਰਨ ਬਣੀ।

ਇਨ੍ਹਾਂ ਚੋਣਾਂ ’ਚ ਗਰਮੀ ਕਾਰਨ ਨਾ ਸਿਰਫ ਵੋਟਾਂ ਪਾਉਣ ਆਏ ਲੋਕਾਂ ਸਗੋਂ ਪੋਲਿੰਗ ਸੰਪੰਨ ਕਰਵਾਉਣ ਵਾਲੇ ਅਧਿਕਾਰੀਆਂ ਨੂੰ ਵੀ ਆਪਣੇ ਪ੍ਰਾਣ ਗੁਆਉਣੇ ਪਏ। 31 ਮਈ ਨੂੰ ਹੀ ਬਿਹਾਰ ’ਚ 14 ਅਤੇ ਉੱਤਰ ਪ੍ਰਦੇਸ਼ ’ਚ 18 ਪੋਲਿੰਗ ਅਧਿਕਾਰੀਆਂ ਦੀ ਮੌਤ ਹੋ ਗਈ।

2019 ’ਚ ਚੋਣ ਕਮਿਸ਼ਨ ਨੇ 3475 ਕਰੋੜ ਰੁਪਏ ਦੀ ਨਕਦ ਰਾਸ਼ੀ ਅਤੇ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ ਸਨ, ਜਦ ਕਿ ਇਸ ਵਾਰ ਹੁਣ ਤੱਕ ਦੇ 75 ਸਾਲ ਦੇ ਇਤਿਹਾਸ ’ਚ ਸਭ ਤੋਂ ਵੱਧ ਨਾਜਾਇਜ਼ ਰਕਮ ਅਤੇ ਚੀਜ਼ਾਂ ਜ਼ਬਤ ਕੀਤੀਆਂ ਹਨ। 18 ਮਈ, 2024 ਤੱਕ ਨਸ਼ੀਲੇ ਪਦਾਰਥਾਂ ਅਤੇ ਨਕਦੀ ਆਦਿ ਸਮੇਤ ਕੁੱਲ 8889 ਕਰੋੜ ਰੁਪਏ ਮੁੱਲ ਦੀਆਂ ਚੀਜ਼ਾਂ ਜ਼ਬਤ ਕੀਤੀਆਂ ਗਈਆਂ। ਪੰਜਾਬ ’ਚ 30 ਮਈ ਤੱਕ ਕੁੱਲ 801.87 ਕਰੋੜ ਰੁਪਏ ਦੀ ਨਕਦੀ ਅਤੇ ਚੀਜ਼ਾਂ ਜ਼ਬਤ ਕੀਤੀਆਂ ਗਈਆਂ।

ਇਸ ਵਾਰ ਪੰਜਾਬ ਅਤੇ ਚੰਡੀਗੜ੍ਹ ’ਚ ਉਮੀਦਵਾਰਾਂ ਨੇ ਵੋਟ ਖਰੀਦਣ ਲਈ ਲੋਕਾਂ ਨੂੰ 10, 20 ਅਤੇ 100 ਰੁਪਏ ਮੁੱਲ ਵਾਲੇ ਨੋਟ ‘ਕੂਪਨਾਂ’ ਵਾਂਗ ਵੰਡੇ, ਜਿਨ੍ਹਾਂ ਨੂੰ ਨਿਰਧਾਰਤ ਦੁਕਾਨਦਾਰਾਂ ਨੂੰ ਪੇਸ਼ ਕਰ ਕੇ ਉਨ੍ਹਾਂ ਨੇ ਉਨ੍ਹਾਂ ਦੇ ਬਦਲੇ ਤੈਅਸ਼ੁਦਾ ਵਸਤੂਆਂ ਪ੍ਰਾਪਤ ਕੀਤੀਆਂ।

ਜਦ ਕੋਈ ਵਿਅਕਤੀ ਉਕਤ ਨੋਟ ਲੈ ਕੇ ਵੈਂਡਰ ਕੋਲ ਜਾਂਦਾ ਤਾਂ ਵੈਂਡਰ ਉਸ ਨੋਟ ਦੇ ਨੰਬਰ ਦਾ ਉਮੀਦਵਾਰ ਵਲੋਂ ਦਿੱਤੀ ਗਈ ਨੋਟਾਂ ਦੀ ਸੂਚੀ ਦੇ ਨੰਬਰ ਨਾਲ ਮੇਲ ਕਰ ਕੇ ਉਨ੍ਹਾਂ ਨੂੰ ਉਸ ਬਦਲੇ ਚੀਜ਼ਾਂ (ਰਾਸ਼ਨ, ਤੋਹਫੇ, ਸ਼ਰਾਬ ਆਦਿ) ਦੇ ਦਿੰਦਾ ਸੀ। ਕਈ ਥਾਂ ਉਮੀਦਵਾਰਾਂ ਵਲੋਂ ਵੋਟ ਖਰੀਦਣ ਲਈ ਪੱਖੇ ਅਤੇ ਕੂਲਰ ਵੰਡਣ ਦੀਆਂ ਵੀ ਖਬਰਾਂ ਹਨ।

ਸੱਟਾ ਬਾਜ਼ਾਰ ’ਚ ਭਾਵੀ ਸਰਕਾਰ ਨੂੰ ਲੈ ਕੇ ਅਟਕਲਾਂ ਸ਼ੁਰੂ ਹੋ ਗਈਆਂ ਹਨ ਅਤੇ ਜ਼ਿਆਦਾਤਰ ਸੱਟਾ ਬਾਜ਼ਾਰਾਂ ਨੇ ਭਾਜਪਾ ਦੇ ਹੱਕ ’ਚ ਅੰਦਾਜ਼ਾ ਦੱਸਿਆ ਹੈ। ਰਾਜਸਥਾਨ ’ਚ ਫਾਲੋਦੀ ਦੇ ਸੱਟਾ ਬਾਜ਼ਾਰ ਨੇ ਭਾਜਪਾ ਗੱਠਜੋੜ ਨੂੰ 290-300 ਸੀਟਾਂ ਦਿੱਤੀਆਂ ਹਨ। ਮੁੰਬਈ ਦੇ ਸੱਟਾ ਬਾਜ਼ਾਰ ਅਨੁਸਾਰ ਭਾਜਪਾ ਨੂੰ ਇਕੱਲਿਆਂ 295 ਤੋਂ 305 ਸੀਟਾਂ ਅਤੇ ਕਾਂਗਰਸ ਨੂੰ 55 ਤੋਂ 65 ਸੀਟਾਂ ਮਿਲ ਸਕਦੀਆਂ ਹਨ।

ਪਾਲਨਪੁਰ ਸੱਟਾ ਬਾਜ਼ਾਰ ਨੇ ਰਾਜਗ ਨੂੰ 247 (ਭਾਜਪਾ 216), ਇੰਡੀਆ ਨੂੰ 225 (ਕਾਂਗਰਸ 112), ਕਰਨਾਲ ਸੱਟਾ ਬਾਜ਼ਾਰ ਨੇ ਰਾਜਗ ਨੂੰ 263 (ਭਾਜਪਾ 235) ਅਤੇ ਇੰਡੀਆ ਨੂੰ 231 (ਕਾਂਗਰਸ 108), ਬੇਲਗਾਮ ਸੱਟਾ ਬਾਜ਼ਾਰ ਨੇ ਰਾਜਗ ਨੂੰ 265 (ਭਾਜਪਾ 223), ਇੰਡੀਆ ਨੂੰ 230 (ਕਾਂਗਰਸ 120), ਇੰਦੌਰ ਸਰਾਫਾ ਨੇ ਰਾਜਗ ਨੂੰ ਬਹੁਮਤ ਅਤੇ ਭਾਜਪਾ ਨੂੰ 260, ਇੰਡੀਆ ਨੂੰ 231 (ਕਾਂਗਰਸ 108), ਕੋਲਕਾਤਾ ਸੱਟਾ ਬਾਜ਼ਾਰ ਨੇ ਰਾਜਗ ਨੂੰ 261 (ਭਾਜਪਾ 218), ਇੰਡੀਆ ਨੂੰ 228 (ਕਾਂਗਰਸ 128), ਵਿਜੇਵਾੜਾ ਸੱਟਾ ਬਾਜ਼ਾਰ ਨੇ ਰਾਜਗ ਨੂੰ 252 (ਭਾਜਪਾ 224) ਅਤੇ ਇੰਡੀਆ ਨੂੰ 237 (ਕਾਂਗਰਸ ਨੂੰ 121) ਸੀਟਾਂ ਦਿੱਤੀਆਂ ਹਨ।

ਵੋਟਿੰਗ ਖਤਮ ਹੁੰਦਿਆਂ ਹੀ ਐਗਜ਼ਿਟ ਪੋਲ ਵੀ ਆ ਗਏ ਹਨ ਜਿਨ੍ਹਾਂ ’ਚ ਭਾਜਪਾ ਦੀ ਅਗਵਾਈ ਵਾਲੇ ਰਾਜਗ ਗੱਠਜੋੜ ਦਾ ਹੀ ਪੱਲੜਾ ਭਾਰੀ ਦੱਸਿਆ ਗਿਆ ਹੈ ਅਤੇ ਇਸ ਨੂੰ ਪ੍ਰਚੰਡ ਬਹੁਮਤ ਮਿਲਣ ਦਾ ਅੰਦਾਜ਼ਾ ਪ੍ਰਗਟ ਕੀਤਾ ਗਿਆ ਹੈ।

ਰਿਪਬਲਿਕ ਟੀ.ਵੀ.-ਮੈਟ੍ਰੀਜ਼ ਨੇ ਭਾਜਪਾ ਦੀ ਅਗਵਾਈ ਵਾਲੇ ਰਾਜਗ ਨੂੰ 353 ਤੋਂ 368, ਇੰਡੀਆ ਨੂੰ 118-133, ਰਿਪਬਲਿਕ ਟੀ.ਵੀ.-ਪੀ ਮਾਰਕ ਨੇ ਰਾਜਗ ਨੂੰ 359, ਇੰਡੀਆ ਨੂੰ 154, ‘ਜਨ ਕੀ ਬਾਤ’ ਨੇ ਰਾਜਗ ਨੂੰ 362-392, ਇੰਡੀਆ ਨੂੰ 141-161, ਇੰਡੀਆ ਟੀ.ਵੀ.-ਸੀ.ਐੱਨ.ਐਕਸ. ਨੇ ਰਾਜਗ ਨੂੰ 371-401 ਅਤੇ ਇੰਡੀਆ ਨੂੰ 109-139 ਸੀਟਾਂ ਦਿੱਤੀਆਂ ਹਨ।

ਨਿਊਜ਼ 24-ਟੁਡੇਜ਼ ਚਾਣੱਕਿਆ ਨੇ ਰਾਜਗ ਨੂੰ 400, ਇੰਡੀਆ ਨੂੰ 107, ਨਿਊਜ਼ ਨੇਸ਼ਨ ਨੇ ਰਾਜਗ ਨੂੰ 342 ਤੋਂ 378, ਇੰਡੀਆ ਨੂੰ 153-169, ਇੰਡੀਆ ਨਿਊਜ਼-ਡੀ ਡਾਇਨੈਮਿਕ ਨੇ ਭਾਜਪਾ ਦੀ ਅਗਵਾਈ ਵਾਲੇ ਰਾਜਗ ਨੂੰ 371 ਅਤੇ ਇੰਡੀਆ ਗੱਠਜੋੜ ਨੂੰ 125 ਸੀਟਾਂ ਮਿਲਣ ਦਾ ਅੰਦਾਜ਼ਾ ਦੱਸਿਆ ਹੈ। ਵਰਣਨਯੋਗ ਹੈ ਕਿ 2019 ਦੀਆਂ ਚੋਣਾਂ ’ਚ ਭਾਜਪਾ ਨੇ 303 ਸੀਟਾਂ ਜਿੱਤੀਆਂ ਸਨ ਜਦਕਿ ਰਾਜਗ ਦੀ ਗਿਣਤੀ 353 ਸੀ। ਕਾਂਗਰਸ ਨੂੰ 53 ਅਤੇ ਉਸ ਦੇ ਸਹਿਯੋਗੀਆਂ ਨੂੰ 38 ਸੀਟਾਂ ਮਿਲੀਆਂ ਸਨ।

ਮਲਿਕਾਰਜੁਨ ਖੜਗੇ ਨੇ 1 ਜੂਨ ਨੂੰ ਇੰਡੀਆ ਗੱਠਜੋੜ ਦੀ ਮੀਟਿੰਗ ਪਿੱਛੋਂ ਦਾਅਵਾ ਕੀਤਾ ਹੈ ਕਿ ਇਹ ਗੱਠਜੋੜ 295 ਤੋਂ ਵੱਧ ਸੀਟਾਂ ਜਿੱਤੇਗਾ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਹ ਅੰਦਾਜ਼ੇ ਕਿੰਨੇ ਸਹੀ ਸਾਬਿਤ ਹੁੰਦੇ ਹਨ ਅਤੇ ਸੱਤਾ ਕਿਸ ਦੀ ਝੋਲੀ ’ਚ ਪੈਂਦੀ ਹੈ।

–ਵਿਜੇ ਕੁਮਾਰ


Harpreet SIngh

Content Editor

Related News