ਪੁੱਤਰ-ਨੂੰਹ ਖਿਲਾਫ ਮਾਂ ਨੇ ਕਰਵਾਇਆ ਚੋਰੀ ਦਾ ਮਾਮਲਾ ਦਰਜ, ਨੂੰਹ ਗ੍ਰਿਫਤਾਰ, ਪੁੱਤਰ ਫਰਾਰ

05/16/2019 3:08:23 PM

ਫ਼ਤਿਹਗੜ੍ਹ ਸਾਹਿਬ (ਜੱਜੀ)—ਪੁਲਸ ਚੌਕੀ ਸਰਹਿੰਦ ਮੰਡੀ ਦੀ ਪੁਲਸ ਨੇ ਇਕ ਔਰਤ ਦੀ ਸ਼ਿਕਾਇਤ 'ਤੇ ਉਸ ਦੇ ਪੁੱਤਰ ਅਤੇ ਨੂੰਹ ਖਿਲਾਫ ਚੋਰੀ ਦਾ ਮਾਮਲਾ ਦਰਜ ਕਰ ਕੇ ਨੂੰਹ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਪੁੱਤਰ ਅਜੇ ਫਰਾਰ ਹੈ। ਪੁਲਸ ਚੌਕੀ ਸਰਹਿੰਦ ਮੰਡੀ ਦੇ ਇੰਚਾਰਜ ਗੁਰਮੀਤ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਨਰਿੰਦਰ ਕੌਰ ਪਤਨੀ ਲੇਟ ਬਲਦੇਵ ਕੁਮਾਰ ਵਾਸੀ ਪ੍ਰੋਫੈਸਰ ਕਾਲੋਨੀ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਤਕਰੀਬਨ 58 ਸਾਲ ਦੀ ਹੈ ਤੇ ਉਸ ਦਾ ਪਤੀ ਬਲਦੇਵ ਸਿੰਘ ਜੋ ਕਿ ਪਾਵਰਕਾਮ ਦਫ਼ਤਰ ਸਰਹਿੰਦ ਵਿਖੇ ਨੌਕਰੀ ਕਰਦਾ ਸੀ, ਦੀ ਨੌਕਰੀ ਦੌਰਾਨ ਮੌਤ ਹੋ ਗਈ ਸੀ।

ਉਸ ਦੇ ਪਤੀ ਦੀ ਪੈਨਸ਼ਨ ਉਸ ਨੂੰ ਲੱਗ ਗਈ ਸੀ ਤੇ ਪਤੀ ਦੀ ਥਾਂ ਉਸ ਦੇ ਬੇਟੇ ਬਿਕਰਮਜੀਤ ਸਿੰਘ ਨੂੰ ਨੌਕਰੀ ਮਿਲ ਗਈ ਸੀ। ਪਤੀ ਦੀ ਮੌਤ ਤੋਂ ਬਾਅਦ ਜੋ ਪੈਸੇ ਉਸ ਨੂੰ ਮਿਲੇ ਸਨ, ਉਸ ਦਾ ਉਸਨੇ ਆਪਣੇ ਨਾਂ ਪ੍ਰੋਫੈਸਰ ਕਾਲੋਨੀ ਸਰਹਿੰਦ ਮੰਡੀ ਵਿਖੇ ਪਲਾਟ ਲੈ ਕੇ ਮਕਾਨ ਬਣਾ ਲਿਆ ਸੀ। ਉਸ ਵਿਚ ਉਹ ਆਪ, ਉਸ ਦਾ ਲੜਕਾ ਬਿਕਰਮਜੀਤ ਸਿੰਘ ਤੇ ਨੂੰਹ ਨਿਰਮਲਜੀਤ ਰਹਿ ਰਹੇ ਸਨ ਪਰ ਫਰਵਰੀ 2019 ਵਿਚ ਉਸ ਦੇ ਲੜਕੇ ਤੇ ਨੂੰਹ ਨੇ ਉਸ ਨੂੰ ਪਿਛਲੇ ਕਮਰੇ 'ਚ ਸ਼ਿਫ਼ਟ ਕਰ ਦਿੱਤਾ ਸੀ ਤੇ ਉਹ ਆਪਣੀ ਰੋਟੀ ਵਗੈਰਾ ਵੀ ਅੱਡ ਹੀ ਪਕਾ ਰਹੀ ਸੀ। ਬੀਤੀ 22 ਅਪ੍ਰੈਲ ਨੂੰ ਉਸ ਨੂੰ ਪੱਥਰੀ ਦਾ ਦਰਦ ਹੋਇਆ ਤੇ ਉਹ ਆਪਣੇ ਕਮਰੇ ਨੂੰ ਜਿੰਦਰਾ ਲਗਾ ਕੇ ਆਪਰੇਸ਼ਨ ਕਰਵਾਉਣ ਆਪਣੀ ਬੇਟੀ ਅਸ਼ਪਿੰਦਰ ਕੌਰ ਵਾਸੀ ਪਿੰਡ ਮਟੋਰ ਸੈਕਟਰ 70 ਵਿਖੇ ਚਲੀ ਗਈ ਸੀ ਪਰ ਜਦੋਂ 12 ਮਈ ਨੂੰ ਵਾਪਸ ਘਰ ਆਈ ਤਾਂ ਕਮਰੇ ਨੂੰ ਨਵਾਂ ਜਿੰਦਰਾ ਲੱਗਾ ਹੋਇਆ ਸੀ।

ਇਸ ਸੰਬਧੀ ਜਦੋਂ ਉਸ ਨੇ ਆਪਣੇ ਲੜਕੇ ਤੇ ਨੂੰਹ ਨੂੰ ਪੁੱਛਿਆ ਤਾਂ ਉਨ੍ਹਾਂ ਦੋਵਾਂ ਨੇ ਉਸ ਦੀ ਕੁੱਟਮਾਰ ਕਰ ਕੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ। ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਉਸ ਦੀ ਅਲਮਾਰੀ ਵਿਚ ਕਰੀਬ 5 ਹਜ਼ਾਰ ਰੁਪਏ ਤੇ 4 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਸਨ, ਜਿਨ੍ਹਾਂ ਨੂੰ ਉਸ ਦੇ ਬੇਟੇ ਤੇ ਨੂੰਹ ਨੇ ਗਾਇਬ ਕਰ ਦਿੱਤਾ ਹੈ। ਪੁਲਸ ਨੇ ਕਾਰਵਾਈ ਕਰਦੇ ਹੋਏ ਬਿਕਰਮਜੀਤ ਸਿੰਘ ਤੇ ਨਿਰਮਲਜੀਤ ਖਿਲਾਫ ਥਾਣਾ ਫ਼ਤਿਹਗੜ੍ਹ ਸਾਹਿਬ ਵਿਖੇ ਆਈ. ਪੀ. ਸੀ. ਦੀ ਧਾਰਾ 448, 380, 506,34 ਤਹਿਤ ਮਾਮਲਾ ਦਰਜ ਕਰ ਕੇ ਨੂੰਹ ਨਿਰਮਲਜੀਤ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਉਸ ਦਾ ਪੁੱਤਰ ਫਰਾਰ ਹੈ। ਨਿਰਮਲਜੀਤ ਨੂੰ ਅੱਜ ਮਾਣਯੋਗ ਅਦਾਲਤ ਫਤਿਹਗੜ੍ਹ ਸਾਹਿਬ 'ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਜੇਲ ਭੇਜ ਦਿੱਤਾ ਗਿਆ।


Shyna

Content Editor

Related News