ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਦੋਸ਼ ’ਚ ਭੂਆ ਸਮੇਤ 3 ਨਾਮਜ਼ਦ
Thursday, Jul 25, 2024 - 12:21 PM (IST)
ਘਨੌਰ (ਹਰਵਿੰਦਰ) : ਸ਼ੰਭੂ ਪੁਲਸ ਨੇ ਇਕ ਔਰਤ ਦੇ ਬਿਆਨ ਦੇ ਆਧਾਰ ’ਤੇ ਭੂਆ ਸਮੇਤ 3 ਵਿਅਕਤੀਆਂ ਖ਼ਿਲਾਫ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਐੱਸ. ਐੱਚ. ਓ. ਇੰਸਪੈਕਟਰ ਅਮਨਪਾਲ ਸਿੰਘ ਵਿਰਕ ਨੇ ਦੱਸਿਆ ਕਿ ਇਕ ਲੜਕੀ ਜਿਸ ਨੇ ਸਲੇਮਪੁਰ ਸ਼ੇਖਾ ਪਿੰਡ ਦੇ ਰਹਿਣ ਵਾਲੇ ਸੋਨੂੰ ਨਾਮਕ ਲੜਕੇ ਖਿਲਾਫ ਥਾਣੇ ’ਚ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਵਿਆਹ ਤੋਂ ਪਹਿਲਾਂ ਸੋਨੂੰ ਨਾਲ ਦੋਸਤੀ ਸੀ। ਉਹ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਆਪਣੀ ਭੂਆ ਦੇ ਘਰ ਲਿਆ ਕੇ ਸਰੀਰਕ ਸਬੰਧ ਬਣਾਉਂਦਾ ਰਿਹਾ ਪਰ ਕਿਸੇ ਕਾਰਨ ਉਨ੍ਹਾਂ ਦਾ ਵਿਆਹ ਨਹੀਂ ਹੋ ਸਕਿਆ ਅਤੇ ਉਸ ਦਾ ਵਿਆਹ ਕਿਤੇ ਹੋਰ ਹੋ ਗਿਆ।
ਲੜਕੀ ਨੇ ਦੱਸਿਆ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਉਸ ਦਾ ਆਪਣੇ ਪਤੀ ਨਾਲ ਲੜਈ-ਝਗੜਾ ਹੋ ਗਿਆ ਅਤੇ ਉਹ ਆਪਣੇ ਪੇਕੇ ਘਰ ਵਾਪਸ ਆ ਗਈ। ਉਸ ਤੋਂ ਬਾਅਦ ਸੋਨੂੰ ਵੱਲੋਂ ਵਿਆਹ ਦਾ ਝਾਂਸਾ ਲਾਉਣ ਕਾਰਨ ਉਹ ਉਸ ਨਾਲ ਰਾਜਪੁਰੇ ਕਿਰਾਏ ’ਤੇ ਕਮਰਾ ਲੈ ਕੇ ਰਹਿਣ ਲੱਗ ਪਈ। ਉੱਥੇ ਵੀ ਉਸ ਨੇ ਉਸ ਨਾਲ ਕਈ ਵਾਰ ਸਰੀਰਕ ਸਬੰਧ ਬਣਾਏ। ਉਨ੍ਹਾਂ ਦੋਵਾਂ ਦੇ ਰਿਲੇਸ਼ਨ ਬਾਰੇ ਘਰ ’ਚ ਵੀ ਸਾਰਿਆਂ ਨੂੰ ਪਤਾ ਸੀ। ਇਸ ਦੌਰਾਨ ਜਦੋਂ ਉਹ ਗਰਭਵਤੀ ਹੋ ਗਈ ਤਾਂ ਸੋਨੂੰ ਨੇ ਧੱਕੇ ਨਾਲ ਉਸ ਦਾ ਗਰਭਪਾਤ ਵੀ ਕਰਵਾਇਆ।
ਆਖਰੀ ਵਾਰ ਜਦੋਂ 3 ਜੁਲਾਈ 2024 ਨੂੰ ਉਹ ਲੜਕੀ ਦੇ ਘਰ ਆਇਆ ਤਾਂ ਉਸ ਨੇ ਸਰੀਰਕ ਸਬੰਧ ਬਣਾਏ ਅਤੇ ਉਸ ਤੋਂ ਬਾਅਦ ਉਸ ਨੇ ਕਿਹਾ ਕਿ ਮੈਂ ਵਿਆਹ ਨਹੀਂ ਕਰਵਾ ਸਕਦਾ। ਇਸ ਸਬੰਧੀ ਥਾਣਾ ਸ਼ੰਭੂ ਨੂੰ ਸ਼ਿਕਾਇਤ ਕੀਤੀ ਗਈ। ਪੁਲਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।