ਚੈਕਿੰਗ ਕਰਨ ਗਏ ਕੇਂਦਰੀ ਜੇਲ੍ਹ ਪਟਿਆਲਾ ਦੇ ਸਹਾਇਕ ਸੁਪਰਡੈਂਟ ਹਰਪ੍ਰੀਤ ਸਿੰਘ ’ਤੇ ਜਾਨਲੇਵਾ ਹਮਲਾ
Thursday, Jul 21, 2022 - 03:24 PM (IST)
 
            
            ਪਟਿਆਲਾ (ਬਲਜਿੰਦਰ) : ਕੇਂਦਰੀ ਜੇਲ੍ਹ ਪਟਿਆਲਾ ਉਸ ਸਮੇਂ ਜੰਗ ਦਾ ਅਖਾੜਾ ਬਣ ਗਈ, ਜਦੋਂ ਕਈ ਹਵਾਲਾਤੀਆਂ ਅਤੇ ਕੈਦੀਆਂ ਨੇ ਚੈਕਿੰਗ ਕਰਨ ਆਏ ਜੇਲ੍ਹ ਦੇ ਸਹਾਇਕ ਸੁਪਰਡੈਂਟ ਹਰਪ੍ਰੀਤ ਸਿੰਘ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਉਸ ’ਤੇ ਸਟੀਲ ਦੇ ਗਿਲਾਸ ਅਤੇ ਲੋਹੇ ਦੀਆਂ ਤਿੱਖੀਆਂ ਚੀਜ਼ਾਂ ਨਾਲ ਵਾਰ ਕੀਤੇ ਗਏ। ਇਸ ਮਾਮਲੇ ’ਚ ਥਾਣਾ ਤ੍ਰਿਪੜੀ ਦੀ ਪੁਲਸ ਨੇ ਜ਼ਖ਼ਮੀ ਸਹਾਇਕ ਸੁਪਰਡੈਂਟ ਹਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ 5 ਹਵਾਲਾਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ ਹਵਾਲਾਤੀਆਂ ’ਚ ਅਮਨਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਚਾਹਲ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ, ਹਵਾਲਾਤੀ ਗੁਰਦੀਪ ਸਿੰਘ ਪੁੱਤਰ ਗੁਰਮੇਲ ਸਿੰਘ, ਸੁਖਦੀਪ ਸਿੰਘ ਪੁੱਤਰ ਦਰਸ਼ਨ ਸਿੰਘ, ਬਲਕਾਰ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਹਵਾਲਾਤੀ ਜਗਦੀਪ ਸਿੰਘ ਪੁੱਤਰ ਕਿੰਦਰ ਹਾਲ ਵਾਸੀ ਕੇਂਦਰੀ ਜੇਲ੍ਹ ਪਟਿਆਲਾ ਸ਼ਾਮਿਲ ਹਨ।
ਇਹ ਵੀ ਪੜ੍ਹੋ: ਮੁਹੱਲਾ ਕਲੀਨਿਕਾਂ 'ਚ ਸਟਾਫ਼ ਭਰਤੀ ਲਈ ਨਿਯਮ ਤਿਆਰ, ਇਸ ਆਧਾਰ 'ਤੇ ਮਿਲੇਗੀ ਤਨਖ਼ਾਹ
ਸਹਾਇਕ ਸੁਪਰਡੈਂਟ ਹਰਪ੍ਰੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਹਵਾਲਾਤੀ ਕਰਮਜੀਤ ਸਿੰਘ ਪੁੱਤਰ ਜੰਗ ਸਿੰਘ ਵਾਸੀ ਪਿੰਡ ਮਾਜਰਾ ਪਟਿਆਲਾ ਨੇ ਐਡੀਸ਼ਨਲ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੂੰ ਇਕ ਲਿਖਤੀ ਦਰਖ਼ਾਸਤ ਦਿੱਤੀ ਸੀ ਕਿ ਉਕਤ ਵਿਅਕਤੀਆਂ ਨੇ ਉਸ ਤੋਂ 85 ਹਜ਼ਾਰ ਰੁਪਏ ਦੀ ਮੰਗ ਕੀਤੀ ਅਤੇ ਉਸ ਨੇ ਡਰਦੇ ਹੋਏ 15 ਹਜ਼ਾਰ ਰੁਪਏ ਦਿੱਤੇ ਗਏ। ਇਸ ਦੀ ਪਡ਼ਤਾਲ ਲਈ ਗੁਰਚਰਨ ਸਿੰਘ ਧਾਲੀਵਾਲ ਅਤੇ ਹੋਰ ਕਰਮਚਾਰੀ ਨਾਲ ਲੈ ਕੇ ਬੈਰਕ ’ਚ ਗਏ। ਜਦੋਂ ਜਾ ਕੇ ਦੇਖਿਆ ਕਿ ਬੈਰਕ ਨੰਬਰ-4 ਵਿਚ ਉਕਤ 2 ਵਿਅਕਤੀ ਸ਼ੱਕੀ ਹਾਲਤ ’ਚ ਬੈਠੇ ਸਨ, ਜਿਹੜੇ ਚੈਕਿੰਗ ਪਾਰਟੀ ਨੂੰ ਦੇਖ ਦੇ ਮੌਕੇ ਤੋਂ ਭੱਜਣ ਲੱਗੇ।
ਇਹ ਵੀ ਪੜ੍ਹੋ: ਸਸਤੀ ਸ਼ਰਾਬ ਮੁਹੱਈਆ ਕਰਵਾਉਣ ਲਈ ਐਕਸਾਈਜ਼ ਅਧਿਕਾਰੀਆਂ ਨੇ ਖਿੱਚੀ ਤਿਆਰੀ, ਠੇਕਿਆਂ ’ਤੇ ਤਿੱਖੀ ਨਜ਼ਰ
ਇਸ ਦੌਰਾਨ ਉਨ੍ਹਾਂ ਲੈ ਕੇ ਅਮਨਪ੍ਰੀਤ ਸਿੰਘ ਨੂੰ ਫੜ ਲਿਆ ਅਤੇ ਤਲਾਸ਼ੀ ਲੈਣ ਲੱਗੇ। ਇਸ ਦੌਰਾਨ ਪਿੱਛੋਂ ਸਹਾਇਕ ਸੁਪਰਡੈਂਟ ਹਰਪ੍ਰੀਤ ਸਿੰਘ ਦੇ ਸਟੀਲ ਦਾ ਗਿਲਾਸ ਮਾਰਿਆ। ਜਦੋਂ ਉਸ ਨੇ ਪਿੱਛੇ ਮੁੜ ਦੇ ਦੇਖਿਆ ਤਾਂ ਅਮਨਪ੍ਰੀਤ ਸਿੰਘ ਮੌਕੇ ਤੋਂ ਭੱਜ ਕੇ ਬੈਰਕ ਨੰਬਰ 3 ’ਚ ਚਲਾ ਗਿਆ ਅਤੇ ਲੋਹੇ ਦੀ ਕੋਈ ਤਿੱਖੀ ਚੀਜ਼ ਲੈ ਆਇਆ। ਬਾਕੀਆਂ ਨੇ ਉਸ ਨੂੰ ਫੜ ਲਿਆ ਅਤੇ ਅਮਨਦੀਪ ਸਿੰਘ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਆਪਣੇ ਹੱਥ ’ਚ ਫੜੀ ਹੋਈ ਚੀਜ਼ ਨਾਲ ਸਹਾਇਕ ਸੁਪਰਡੈਂਟ ਦੇ ਸਿਰ ’ਤੇ ਵਾਰ ਕੀਤਾ ਤਾਂ ਸਹਾਇਕ ਸੁਪਰਡੈਂਟ ਨੇ ਬਚਾਅ ਲਈ ਆਪਣਾ ਮੋਢਾ ਅੱਗੇ ਕਰ ਲਿਆ ਅਤੇ ਵਾਰ ਮੋਢੇ ’ਤੇ ਲੱਗਿਆ ਤਾਂ ਇਸੇ ਦੌਰਾਨ ਸਾਥੀ ਕਰਮਚਾਰੀਆਂ ਨੇ ਉਸ ਤੋਂ ਛੁਡਾਇਆ। ਪੁਲਸ ਨੇ ਇਸ ਮਾਮਲੇ ’ਚ ਉਕਤ ਵਿਅਕਤੀਆਂ ਖ਼ਿਲਾਫ਼ 307, 353, 186, 332, 506, 148, 149 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ ’ਚ ਫਿਰ ਡੂੰਘਾ ਹੋ ਸਕਦੈ ਸਿੱਖ ਜਥੇਬੰਦੀਆਂ ਅਤੇ ਡੇਰਾ ਸਮਰਥਕਾਂ ਵਿਚਾਲੇ ਵਿਵਾਦ, ਪੁਲਸ ਅਲਰਟ
ਤਿੰਨ ਮੋਬਾਇਲ ਫੋਨ ਬਰਾਮਦ, 7 ਖ਼ਿਲਾਫ਼ ਕੇਸ ਦਰਜ
ਥਾਣਾ ਤ੍ਰਿਪੜੀ ਦੀ ਪੁਲਸ ਨੇ ਕੇਂਦਰੀ ਜੇਲ੍ਹ ’ਚ ਲੜਾਈ ਦੌਰਾਨ ਬਰਾਮਦ ਹੋਏ 3 ਮੋਬਾਇਲ ਫੋਨਾਂ ਦੇ ਮਾਮਲੇ ’ਚ 7 ਖ਼ਿਲਾਫ਼ 384, 323, 506 ਆਈ. ਪੀ. ਸੀ. ਅਤੇ 52 ਏ ਪ੍ਰੀਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਇਨ੍ਹਾਂ ਹਵਾਲਾਤੀਆਂ ’ਚ ਗੁਰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਬੱਡਬਰ ਜ਼ਿਲ੍ਹਾ ਬਰਨਾਲਾ, ਇਕਬਾਲਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਦੌਣਕਲਾਂ, ਬਲਕਾਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਤਲਵੰਡੀ ਬਰਨਾਲਾ, ਜਗਦੀਪ ਸਿੰਘ ਪੁੱਤਰ ਕਿੰਦਰ ਸਿੰਘ ਵਾਸੀ ਹਰਿਨਾਉ ਰੋਡ ਕੋਟਕਪੁਰਾ ਫਰੀਦਕੋਟ, ਸੁਖਦੇਵ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਕੋਟਕਪੁਰਾ ਫਰੀਦਕੋਟ, ਰਾਜਵੀਰ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਲਹਿਲ ਕਲਾਂ ਸੰਗਰੂਰ ਅਤੇ ਅਮਨਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਚਹਿਲ ਥਾਣਾ ਟਾਂਡਾ ਜ਼ਿਲ੍ਹਾ ਹੁਸਿਆਪੁਰ ਸ਼ਾਮਿਲ ਹਨ।
ਨੋਟ : ਪਟਿਆਲਾ ਜੇਲ੍ਹ 'ਚ ਵਾਪਰੀ ਇਸ ਘਟਨਾ ਸਬੰਧੀ ਤੁਸੀਂ ਕੀ ਕਹੋਗੇ?

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            