ਕੜਾਕੇ ਦੀ ਠੰਡ ਅਤੇ ਖਰਾਬ ਮੌਸਮ ’ਚ ਡਟੇ ਜੰਗਲਾਤ ਕਾਮੇ

01/08/2024 6:19:35 PM

ਪਟਿਆਲਾ (ਮਨਦੀਪ ਜੋਸਨ) : ਜੰਗਲਾਤ ਵਰਕਰ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਵੱਲੋਂ ਲਾਇਆ ਮੋਰਚਾ ਅੱਜ ਕੜਾਕੇ ਦੀ ਠੰਡ ਅਤੇ ਖਰਾਬ ਮੌਸਮ ’ਚ ਵੀ ਜਾਰੀ ਰਿਹਾ, ਜਿੱਥੇ ਮੰਗਾਂ ਨੂੰ ਲੈ ਕੇ ਜੰਗਲਾਤ ਕਾਮਿਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਮੋਰਚੇ ਦੀ ਅਗਵਾਈ ਕਰਦਿਆਂ ਜਸਵਿੰਦਰ ਸੋਜਾ, ਹਰਜਿੰਦਰ ਖਰੋੜੀ, ਨਰੇਸ਼ ਪਟਿਆਲਾ ਅਤੇ ਗੁਰਮੇਲ ਸਿੰਘ ਬਿਸ਼ਨਪੁਰਾ ਨੇ ਕੀਤੀ ਮੋਰਚੇ ’ਚ ਬੈਠੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਕੱਚੇ ਕਾਮੇ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਪੱਕੇ ਕਰਨਾਂ ਤਾਂ ਦੂਰ ਦੀ ਗੱਲ, ਉਹ ਨਿਗੂਣਾ ਜਿਹਾ ਰੋਜ਼ਗਾਰ ਵੀ ਸਾਡੇ ਤੋਂ ਖੋਹ ਲਿਆ, ਜਿਸ ਕਾਰਨ ਵਰਕਰਾਂ ਦੇ ਚੁੱਲ੍ਹੇ ਠੰਡੇ ਹੋ ਗਏ ਹਨ।

ਮੋਰਚੇ ’ਚ ਬੈਠੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਜੋਗਾ ਸਿੰਘ ਭਾਦਸੋਂ, ਜਗਸੀਰ ਸਿੰਘ ਅਸਰਪੁਰ ਚੁੱਪਕੀ ਅਤੇ ਹਰਮੇਸ਼ ਸਿੰਘ ਨੇ ਕਿਹਾ ਕਿ ਜਿੱਥੇ ਅਧਿਕਾਰੀਆਂ ਨੇ ਛਾਂਟੀ ਦਾ ਕੁਹਾੜਾ ਚਲਾ ਦਿੱਤਾ ਹੈ, ਉੱਥੇ ਰਹਿੰਦੀਆਂ ਤਨਖਾਹਾਂ ਵੀ ਜਾਰੀ ਨਹੀਂ ਕੀਤੀਆਂ ਜਾ ਰਹੀਆਂ, ਜਿਸ ਕਾਰਨ ਵਰਕਰਾਂ ’ਚੋਂ ਭਾਰੀ ਰੋਹ ਅਤੇ ਬੈਚੇਨੀ ਪਾਈ ਜਾ ਰਹੀ ਹੈ। ਜਥੇਬੰਦੀ ਨੇ ਫ਼ੈਸਲਾ ਕੀਤਾ ਕਿ ਸੂਬਾ ਕਮੇਟੀ ਵੱਲੋਂ ਇਨ੍ਹਾਂ ਵਰਕਰਾਂ ਦੇ ਹੱਕ ’ਚ 16 ਜਨਵਰੀ ਨੂੰ ਵਿੱਤ ਮੰਤਰੀ ਦੇ ਹਲਕਾ ਦਿੜ੍ਹਬਾ ’ਚ ਵਿਸ਼ਾਲ ਧਰਨਾ ਦੇਣ ਉਪਰੰਤ ਪੱਕਾ ਮੋਰਚਾ ਲਾਇਆ ਜਾਵੇਗਾ ਅਤੇ 26 ਜਨਵਰੀ ਨੂੰ ਗਵਰਨਰ ਪੰਜਾਬ ਦੀ ਪਟਿਆਲਾ ਫ਼ੇਰੀ ਸਮੇਂ ਮੰਗ-ਪੱਤਰ ਦਿੱਤਾ ਜਾਵੇਗਾ। ਅੱਜ ਮੋਰਚੇ ’ਚ ਸ਼ੇਰ ਸਿੰਘ, ਜੀਤ ਖਾਨ, ਸਲੀਮ ਖਾਨ, ਰਣਵੀਰ ਸਿੰਘ ਪੰਜੋਲੀ, ਸਵਰਨਜੀਤ ਸਿੰਘ ਚਰਨਾਥਲ ਅਤੇ ਗੁਰਸੇਵਕ ਸਿੰਘ ਜਿੰਦਲਪੁਰ ਹਾਜ਼ਰ ਸਨ।


Gurminder Singh

Content Editor

Related News