ਹਿੰਦੂ ਮੇਘਾਵਰ ਬਿਰਾਦਰੀ ਦੀ ਜਨਾਨੀ ਨਾਲ ਸਮੂਹਿਕ ਜਬਰ-ਜ਼ਿਨਾਹ ਦੇ ਮਾਮਲੇ ’ਚ ਸਿੰਧ ਹਾਈਕੋਰਟ ਨੇ ਲਿਆ ਨੋਟਿਸ
Monday, Oct 10, 2022 - 04:51 PM (IST)
ਗੁਰਦਾਸਪੁਰ/ਪਾਕਿਸਤਾਨ (ਵਿਨੋਦ) - ਪਾਕਿਸਤਾਨ ਦੇ ਸਿੰਧ ਸੂਬੇ ਦੇ ਥਾਰਪਰਕਾਰ ਦੇ ਕਸਬਾ ਛਛਰੇ ਦੇ ਨਜ਼ਦੀਕੀ ਪਿੰਡ ਚੱਪਰ ਦੀਨ ਸ਼ਾਹ ’ਚ ਇਕ ਹਿੰਦੂ ਜਨਾਨੀ ਨਾਲ ਸਮੂਹਿਕ ਜਬਰ-ਜ਼ਿਨਾਹ ਦੇ ਮਾਮਲੇ ’ਚ ਸਿੰਧ ਹਾਈਕੋਰਟ ਦੇ ਮੁੱਖ ਜੱਜ ਅਹਿਮਦ ਅਲੀ ਸ਼ੇਖ ਨੇ ਗੰਭੀਰ ਨੋਟਿਸ ਲਿਆ ਹੈ। ਮੁੱਖ ਜੱਜ ਨੇ ਮੀਰਪੁਰਖਾਸ ਦੇ ਡੀ.ਆਈ.ਜੀ ਜੁਲਫਕਾਰ ਅਲੀ ਮਹਾਰ ਅਤੇ ਥਾਰਪਰਕਾਰ ਦੇ ਜ਼ਿਲ੍ਹਾ ਪੁਲਸ ਮੁਖੀ ਹਸਨ ਸਰਦਾਰ ਨਿਆਜੀ ਨੂੰ 13 ਅਕਤੂਬਰ ਨੂੰ ਅਦਾਲਤ ਵਿਚ ਵਿਅਕਤੀਗਤ ਪੇਸ਼ ਹੋਣ ਦਾ ਆਦੇਸ਼ ਜਾਰੀ ਕੀਤਾ ਹੈ।
ਸੂਤਰਾਂ ਅਨੁਸਾਰ ਜਾਰੀ ਆਦੇਸ਼ ’ਚ ਮੁੱਖ ਜੱਜ ਨੇ ਹਿੰਦੂ ਮਹਿਲਾ, ਜੋ ਮੇਘਾਵਰ ਬਿਰਾਦਰੀ ਨਾਲ ਸਬੰਧਿਤ ਹੈ, ਨਾਲ ਹੋਏ ਸਮੂਹਿਕ ਜਬਰ-ਜ਼ਿਨਾਹ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਦੱਸਿਆ ਕਿ ਇਸ ਘਟਨਾ ਸਬੰਧੀ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਿਉਂ ਨਹੀਂ ਕੀਤਾ ਗਿਆ। ਜਾਣਕਾਰੀ ਅਨੁਸਾਰ ਚਾਰ ਦਿਨ ਪਹਿਲਾ ਇਕ 22 ਸਾਲਾਂ ਹਿੰਦੂ ਮਹਿਲਾ ਨੂੰ ਉਸ ਦੇ ਘਰ ਤੋਂ ਦੋ ਦੋਸ਼ੀਆਂ ਨੇ ਅਗਵਾ ਕਰ ਲਿਆ ਸੀ। ਨਸ਼ੀਲਾ ਪਦਾਰਥ ਪਿਲਾ ਕੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕਰਨ ਤੋਂ ਬਾਅਦ ਦੋਸ਼ੀ ਨੇ ਕੁੜੀ ਨੂੰ ਸੁੰਨਸਾਨ ਸਥਾਨ ’ਤੇ ਛੱਡ ਦਿੱਤਾ।
ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਬਾਵਜੂਦ ਕੇਸ ਦਰਜ ਨਹੀਂ ਕੀਤਾ ਗਿਆ ਅਤੇ ਦੂਜਾ ਪੀੜਤਾ ਨੂੰ ਚੁੱਪ ਰਹਿਣ ਲਈ ਪੁਲਸ ਨੇ ਦਬਾਅ ਕਿਉਂ ਪਾਇਆ। ਪੁਲਸ ਅਧਿਕਾਰੀਆਂ ਨੂੰ ਜਿਵੇਂ ਹੀ ਪਤਾ ਲੱਗਾ ਕਿ ਸਿੰਧ ਹਾਈਕੋਰਟ ਨੇ ਡੀ.ਆਈ.ਜੀ ਅਤੇ ਐੱਸ.ਐੱਸ.ਪੀ ਖ਼ਿਲਾਫ਼ ਸੰਮਨ ਜਾਰੀ ਕੀਤੇ ਹਨ, ਉਨ੍ਹਾਂ ਨੇ ਪੀੜਤਾ ਦੇ ਪਿਤਾ ਦੇ ਬਿਆਨ ’ਤੇ ਕੇਸ ਦਰਜ ਕਰ ਲਿਆ। ਪੁਲਸ ਨੇ ਦੋਸ਼ੀ ਮੁਸ਼ਤਾਕ ਅਹਿਮਦ ਬਾਜੀਰ ਅਤੇ ਨਬੀ ਬਖ਼ਸ ਬਜ਼ੀਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ।