ਪਾਕਿ ਦੇ ਹੜ੍ਹ ਪ੍ਰਭਾਵਿਤ ਇਲਾਕਾ ਸ਼ਿਕਾਰਪੁਰ ਦੀ 10 ਸਾਲਾਂ ਬੱਚੀ ਨੂੰ ਬਣਾਇਆ ਸਮੂਹਿਕ ਜਬਰ-ਜ਼ਿਨਾਹ ਦਾ ਸ਼ਿਕਾਰ
10/25/2022 3:05:17 PM

ਗੁਰਦਾਸਪੁਰ/ਪਾਕਿਸਤਾਨ (ਵਿਨੋਦ) - ਪਾਕਿਸਤਾਨ ਦੇ ਹੜ੍ਹ ਪ੍ਰਭਾਵਿਤ ਸ਼ਿਕਾਰਪੁਰ ਦੀ ਇਕ ਵਿਧਵਾ ਜਨਾਨੀ, ਜੋ ਕਰਾਚੀ ਦੇ ਕਲੀਫਟ ਇਲਾਕੇ ’ਚ ਅਬਦੁੱਲਾ ਸ਼ਾਹ ਗਾਜੀ ਦਰਗਾਹ ਦੇ ਫੁੱਟਪਾਥ ’ਤੇ ਰਹਿੰਦੀ ਸੀ, ਦੀ 10 ਸਾਲਾ ਕੁੜੀ ਨੂੰ ਕੁਝ ਲੋਕਾਂ ਨੇ ਅਗਵਾ ਕਰਕੇ ਸਮੂਹਿਕ ਜਬਰ-ਜ਼ਿਨਾਹ ਦਾ ਸ਼ਿਕਾਰ ਬਣਾ ਲਿਆ। ਸੂਤਰਾਂ ਅਨੁਸਾਰ ਉਕਤ ਬੱਚੀ ਬੀਤੇ ਦਿਨ ਦੁਪਹਿਰ ਲਗਭਗ 1 ਵਜੇ ਲਾਪਤਾ ਹੋਈ ਸੀ, ਜਿਸ ਨੂੰ ਸ਼ਾਮ ਕਰੀਬ 6.30 ਵਜੇ ਗੰਭੀਰ ਹਾਲਤ ਵਿਚ ਉਸ ਦੀ ਮਾਂ ਨੇ ਗ੍ਰੈਜੂਏਟ ਹਸਪਤਾਲ ਦਾਖ਼ਲ ਕਰਵਾਇਆ। ਡਾਕਟਰਾਂ ਨੇ ਬੱਚੀ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਹੋਣ ’ਤੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਹੋਣ ਦੀ ਪੁਸ਼ਟੀ ਕੀਤੀ।
ਡਾ.ਸੈਯਈਦ ਨੇ ਬੱਚੀ ਦੇ ਕੱਪੜਿਆਂ ਸਮੇਤ ਕੁਝ ਹੋਰ ਸੈਂਪਲ ਲਏ ਹਨ, ਜਿਨ੍ਹਾਂ ਨੂੰ ਸੀਲ ਕਰਕੇ ਜਾਂਚ ਲਈ ਭੇਜ ਦਿੱਤਾ ਗਿਆ ਹੈ। ਡਾਕਟਰ ਅਨੁਸਾਰ ਪੀੜਤ ਬੱਚੀ ਸ਼ਿਕਾਰਪੁਰ ਦੇ ਹੜ੍ਹ ਪ੍ਰਭਾਵਿਤ ਸ਼ਿਕਾਰਪੁਰ ਦੀ ਦੱਸੀ ਜਾਂਦੀ ਹੈ। ਪੁਲਸ ਨੇ ਪੀੜਤ ਬੱਚੀ ਦੀ ਮਾਂ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ। ਪੀੜਤ ਦੀ ਵਿਧਵਾ ਮਾਂ ਆਪਣੀ ਬੱਚੀ ਦੇ ਨਾਲ ਰੋਜ਼ੀ ਰੋਟੀ ਦੇ ਚੱਕਰ ’ਚ ਕਰਾਚੀ ਆਈ ਸੀ। ਉਹ ਆਪਣੀ ਬੱਚੀ ਦੇ ਨਾਲ ਸ਼ਾਹ ਰਸੂਲ ਕਾਲੋਨੀ ਦੇ ਫੁਟਪਾਥ ’ਤੇ ਸਥਾਪਿਤ ਇਕ ਲੰਗਰ ਵਿਚ ਰਹਿੰਦੀ ਸੀ।
ਦੂਜੇ ਪਾਸੇ ਬੱਚੀ ਨੇ ਹੋਸ਼ ’ਚ ਆਉਣ ’ਤੇ ਪੁਲਸ ਨੂੰ ਦੱਸਿਆ ਕਿ ਕਾਰ ਵਿਚ ਸਵਾਰ ਤਿੰਨ ਲੋਕ ਉਸ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਗਏ ਸਨ। ਉਕਤ ਲੋਕਾਂ ਨੇ ਉਸ ਨੂੰ ਸੁੰਨਸਾਨ ਜਗਾਂ ’ਤੇ ਲੈ ਜਾ ਕੇ ਗ਼ਲਤ ਕੰਮ ਕੀਤਾ। ਦੋਸ਼ੀ ਬੇਹੋਸ਼ੀ ਦੀ ਹਾਲਤ ਵਿਚ ਫਿਰ ਲੰਗਰ ਕੋਲ ਛੱਡ ਕੇ ਚੱਲ ਗਏ।