ਪਾਕਿ ਕਸਟਮ ਦਾ ਨੋਟੀਫਿਕੇਸ਼ਨ, ਬੈਂਕ ਗਾਰੰਟੀ ਵਾਲੇ ਟਰੱਕਾਂ ਦੀ ਹੀ ਹੋਵੇਗੀ ਦਰਾਮਦ-ਬਰਾਮਦ

08/19/2019 11:37:12 PM

ਅੰਮ੍ਰਿਤਸਰ (ਨੀਰਜ)— ਜੰਮੂ-ਕਸ਼ਮੀਰ 'ਚ ਧਾਰਾ 370 ਖਤਮ ਕੀਤੇ ਜਾਣ ਤੋਂ ਬਾਅਦ ਬੁਖਲਾਏ ਪਾਕਿਸਤਾਨ ਨੇ ਭਾਰਤ ਨਾਲ ਸਾਰੇ ਵਪਾਰਕ ਰਿਸ਼ਤੇ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਹੁਣ ਇਕ ਹੋਰ ਨਵਾਂ ਪੈਂਤੜਾ ਬਦਲਿਆ ਹੈ। ਪਾਕਿਸਤਾਨ ਕਸਟਮ ਨੇ ਭਾਰਤੀ ਕਸਟਮ ਨੂੰ ਇਕ ਨੋਟੀਫਿਕੇਸ਼ਨ ਭੇਜ ਕੇ ਕਿਹਾ ਹੈ ਕਿ ਉਹ ਬੈਂਕ ਗਾਰੰਟੀ ਵਾਲੀਆਂ ਸਾਰੀਆਂ ਵਸਤੂਆਂ ਦੇ ਟਰੱਕਾਂ ਨੂੰ ਦਰਾਮਦ-ਬਰਾਮਦ ਦੇ ਰੂਪ ਵਿਚ ਸਵੀਕਾਰ ਕਰੇਗਾ। ਬੈਂਕ ਗਾਰੰਟੀ ਦਾ ਮਤਲਬ ਅੰਤਰਰਾਸ਼ਟਰੀ ਵਪਾਰ ਵਿਚ ਜਦੋਂ ਇਕ ਦੇਸ਼ ਦਾ ਵਪਾਰੀ ਕਿਸੇ ਦੂਜੇ ਦੇਸ਼ ਨੂੰ ਕੋਈ ਚੀਜ਼ ਐਕਸਪੋਰਟ ਕਰਦਾ ਹੈ ਜਾਂ ਫਿਰ ਇੰਪੋਰਟ ਕਰਦਾ ਹੈ ਤਾਂ ਇਸ ਦੀਆਂ ਦਰਾਮਦ-ਬਰਾਮਦ ਕੀਤੀਆਂ ਵਸਤੂਆਂ ਦੇ ਭੁਗਤਾਨ ਦੀ ਬੈਂਕ ਗਾਰੰਟੀ ਦਿੱਤੀ ਜਾਂਦੀ ਹੈ ਤਾਂ ਕਿ ਵਪਾਰੀ ਵੱਲੋਂ ਇੰਪੋਰਟ ਜਾਂ ਐਕਸਪੋਰਟ ਕੀਤੇ ਮਾਲ ਦੀ ਰਕਮ ਕਿਸੇ ਵੀ ਹਾਲਾਤ ਵਿਚ ਡੁੱਬ ਨਾ ਜਾਵੇ। ਅਜਿਹੇ ਮਾਮਲਿਆਂ 'ਚ ਸਬੰਧਤ ਵਪਾਰੀਆਂ ਵੱਲੋਂ ਜਿੰਨੇ ਮਾਲ ਦੀ ਐਕਸਪੋਰਟ ਜਾਂ ਇੰਪੋਰਟ ਦੀ ਬੈਂਕ ਗਾਰੰਟੀ ਦਿੱਤੀ ਗਈ ਹੁੰਦੀ ਹੈ, ਉਸ ਦੀ ਰਕਮ ਡੁੱਬਣ ਦਾ ਡਰ ਖਤਮ ਹੋ ਜਾਂਦਾ ਹੈ।
ਪਾਕਿਸਤਾਨ ਵੱਲੋਂ ਭਾਰਤ ਦੇ ਕਈ ਵਪਾਰੀਆਂ ਨੂੰ ਬੈਂਕ ਗਾਰੰਟੀ ਦਿੱਤੀ ਗਈ ਹੈ। ਇਹੀ ਹਾਲ ਭਾਰਤੀ ਵਪਾਰੀਆਂ ਦਾ ਵੀ ਹੈ। ਅਜਿਹੇ 'ਚ ਪਾਕਿਸਤਾਨ ਤੋਂ ਕੁੱਝ ਟਰੱਕ ਆ ਸਕਦੇ ਹਨ। ਉਥੇ ਹੀ ਸੋਮਵਾਰ ਨੂੰ ਪਾਕਿਸਤਾਨ ਤੋਂ ਅਫਗਾਨੀ ਡਰਾਈਫਰੂਟ ਦੇ 3 ਟਰੱਕ ਆਈ. ਸੀ. ਪੀ. ਅਟਾਰੀ 'ਤੇ ਪੁੱਜੇ। ਇਨ੍ਹਾਂ ਦੀ ਕਸਟਮ ਵਿਭਾਗ ਵੱਲੋਂ ਸਖਤੀ ਨਾਲ ਰੈਮਜਿੰਗ ਕੀਤੀ ਗਈ।
ਦੂਜੇ ਪਾਸੇ ਦਿੱਲੀ ਦੇ ਅਧਿਕਾਰੀਆਂ ਵੱਲੋਂ ਕਸਟਮ ਵਿਭਾਗ ਨੂੰ ਜ਼ਬਾਨੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਅਫਗਾਨੀ ਡਰਾਈਫਰੂਟ ਦੀ ਨਿਯਮਾਂ ਮੁਤਾਬਕ ਹੀ ਚੈਕਿੰਗ ਕਰਨ।

ਨਹੀਂ ਹੋ ਸਕੀ ਟਰੱਕ ਸਕੈਨਰ ਦੀ ਕੈਲੇਬਰੇਸ਼ਨ ਅਤੇ ਲਾਈਨਮੈਂਟ
ਅਮਰੀਕਾ ਤੋਂ ਆਈ. ਸੀ. ਪੀ. ਅਟਾਰੀ 'ਤੇ ਪਹੁੰਚੀ ਤਕਨੀਕੀ ਮਾਹਿਰਾਂ ਦੀ ਟੀਮ ਸੋਮਵਾਰ ਨੂੰ ਵੀ ਟਰੱਕ ਸਕੈਨਰ ਦੀ ਕੈਲੇਬਰੇਸ਼ਨ ਅਤੇ ਲਾਈਨਮੈਂਟ ਦਾ ਕੰਮ ਨਹੀਂ ਕਰ ਸਕੀ। ਇਸ ਵਿਚ ਤਕਨੀਕੀ ਸਮੱਸਿਆ ਆ ਰਹੀ ਹੈ।


KamalJeet Singh

Content Editor

Related News