ਇਸ ਤਾਰੀਖ਼ ਨੂੰ ਹੋਵੇਗੀ ਯੋਗੀ ਆਦਿੱਤਿਆਨਾਥ ਦੀ ਤਾਜਪੋਸ਼ੀ, ਦੂਜੀ ਵਾਰ ਬਣਨਗੇ ਯੂ. ਪੀ. ਦੇ CM
Saturday, Mar 19, 2022 - 06:18 AM (IST)
ਲਖਨਊ: ਯੋਗੀ ਆਦਿੱਤਿਆਨਾਥ ਦੇ ਸਹੁੰ ਚੁੱਕ ਸਮਾਗਮ ਦੀ ਤਰੀਕ ਆ ਗਈ ਹੈ। ਅਧਿਕਾਰਤ ਸੂਤਰਾਂ ਮੁਤਾਬਕ ਯੋਗੀ 25 ਨੂੰ ਦੂਜੀ ਵਾਰ ਯੂ. ਪੀ. ਦੀ ਵਾਂਗਡੋਰ ਸੰਭਾਲਣਗੇ। ਉਨ੍ਹਾਂ ਦੀ ਅਗਵਾਈ ’ਚ ਲਗਾਤਾਰ ਦੂਜੀ ਵਾਰ ਭਾਜਪਾ ਸਰਕਾਰ ਦਾ ਗਠਨ ਹੋਵੇਗਾ। ਇਕ ਨਿਊਜ਼ ਏਜੰਸੀ ਨੇ ਇਕ ਟਵੀਟ ਕਰ ਕੇ ਇਸ ਬਾਬਤ ਜਾਣਕਾਰੀ ਦਿੱਤੀ, ਜਿਸ ’ਚ ਉਸ ਨੇ 25 ਮਾਰਚ ਨੂੰ ਯੋਗੀ ਆਦਿਤਿਆਨਾਥ ਦੇ ਸਹੁੰ ਚੁੱਕ ਸਮਾਗਮ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਆਪਣੇ ਟਵੀਟ ’ਚ ਦੱਸਿਆ ਕਿ ਯੋਗੀ ਸ਼ਾਮ 4 ਵਜੇ ਯੂ.ਪੀ. ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।
ਇਹ ਵੀ ਪੜ੍ਹੋ: ਦਿੱਲੀ ਦੰਗਿਆਂ ’ਚ ਮਾਰੇ ਗਏ IB ਅਧਿਕਾਰੀ ਦੇ ਭਰਾ ਨੂੰ ਮੁੱਖ ਮੰਤਰੀ ਕੇਜਰੀਵਾਲ ਨੇ ਦਿੱਤੀ ਸਰਕਾਰੀ ਨੌਕਰੀ
5 ਸਾਲ ਦੇ ਸਫਲ ਕਾਰਜਕਾਲ ਤੋਂ ਬਾਅਦ ਯੂ. ਪੀ. ’ਚ ਸੱਤਾ ਵਾਪਸੀ ਕਰਕੇ ਪਾਰਟੀ ਲਈ 37 ਸਾਲ ਪੁਰਾਣੀ ਮਿੱਥ ਨੂੰ ਤੋੜ ਕੇ ਇਤਿਹਾਸ ਰਚਣ ਵਾਲੀ ਸੀ.ਐਮ. ਯੋਗੀ ਆਦਿਤਿਆਨਾਥ ਦੀ ਅਗਵਾਈ ’ਚ ਭਾਜਪਾ ਸਰਕਾਰ ਦਾ ਦੂਜਾ ਸਹੁੰ ਚੁੱਕ ਸਮਾਗਮ ਹੋਵੇਗਾ। 25 ਮਾਰਚ ਨੂੰ ਸ਼ਹੀਦੀ ਮਾਰਗ ਸਥਿਤ ਏਕਾਨਾ ਸਟੇਡੀਅਮ ਵਿਖੇ ਸਹੁੰ ਚੁੱਕ ਸਮਾਗਮ 'ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਾਲ-ਨਾਲ ਹੋਰ ਮੰਤਰੀ ਵੀ ਸਹੁੰ ਚੁੱਕਣਗੇ। ਕੈਬਨਿਟ ’ਚ ਔਰਤਾਂ ਅਤੇ ਨੌਜਵਾਨਾਂ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਭ੍ਰਿਸ਼ਟਾਚਾਰ ਖ਼ਿਲਾਫ਼ CM ਭਗਵੰਤ ਮਾਨ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕੇਜਰੀਵਾਲ ਨੇ ਕੀਤਾ ਵੱਡਾ ਦਾਅਵਾ
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਜੇ.ਪੀ.ਨੱਡਾ ਅਤੇ ਕੇਂਦਰ ਸਰਕਾਰ ਦੇ ਕਈ ਮੰਤਰੀ, ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ, ਸੰਘ ਅਤੇ ਭਾਜਪਾ ਦੇ ਸੀਨੀਅਰ ਆਗੂ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣਗੇ। ਏਕਾਨਾ ਸਟੇਡੀਅਮ ਵਿਚ ਪ੍ਰਸਤਾਵਤ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਕੈਬਨਿਟ ਦੇ ਰੂਪ ਨੂੰ ਲੈ ਕੇ ਯੋਗੀ ਦੀ ਪਾਰਟੀ ਲੀਡਰਸ਼ਿਪ ਨਾਲ ਸਲਾਹ-ਮਸ਼ਵਰਾ ਹੋ ਗਿਆ ਹੈ। ਯੂ. ਪੀ. ’ਚ ਸਰਕਾਰ ਦੇ ਗਠਨ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਰਘੁਵਰ ਦਾਸ ਨੂੰ ਕ੍ਰਮਵਾਰ ਅਬਜ਼ਰਵਰ ਅਤੇ ਕੋ-ਆਬਜ਼ਰਵਰ ਬਣਾਇਆ ਗਿਆ ਹੈ। ਸਹੁੰ ਚੁੱਕਣ ਵਾਲੇ ਮੰਤਰੀਆਂ ਦੀ ਸੂਚੀ ਨੂੰ ਮੁੱਖ ਮੰਤਰੀ ਦੇ ਗੋਰਖਪੁਰ ਤੋਂ ਲਖਨਊ ਪਹੁੰਚਣ ’ਤੇ ਅੰਤਿਮ ਰੂਪ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: PM ਮੋਦੀ ਨੇ CM ਭਗਵੰਤ ਮਾਨ ਨੂੰ ਦਿੱਤੀ ਵਧਾਈ, ਕਿਹਾ-ਪੰਜਾਬ ਦੇ ਵਿਕਾਸ ਲਈ ਮਿਲ ਕੇ ਕਰਾਂਗੇ ਕੰਮ
ਜ਼ਿਕਰਯੋਗ ਹੈ ਕਿ ਭਾਜਪਾ ਨੇ 403 ਮੈਂਬਰੀ ਵਿਧਾਨ ਸਭਾ ’ਚ 255 ਸੀਟਾਂ ਜਿੱਤੀਆਂ ਅਤੇ ਉਸ ਦੇ ਸਹਿਯੋਗੀਆਂ ਨੇ 18 ਹੋਰ ਸੀਟਾਂ ਜਿੱਤ ਕੇ ਲਗਾਤਾਰ ਦੂਜੀ ਵਾਰ ਸੱਤਾ ’ਚ ਵਾਪਸੀ ਕੀਤੀ ਹੈ। ਉੱਤਰ ਪ੍ਰਦੇਸ਼ ’ਚ 7 ਪੜਾਵਾਂ ’ਚ ਪਈਆਂ ਵੋਟਾਂ ਦੇ ਨਤੀਜੇ 10 ਮਾਰਚ ਨੂੰ ਐਲਾਨ ਕੀਤੇ ਗਏ ਸਨ।