ਵਿਦੇਸ਼ੀ ਜਾਇਦਾਦਾਂ ਦਾ ਖੁਲਾਸਾ ਨਾ ਕਰਨ ਵਾਲੇ 25,000 ਲੋਕਾਂ ਨੂੰ ਆਮਦਨ ਟੈਕਸ ਵਿਭਾਗ ਭੇਜੇਗਾ ਮੈਸੇਜ

Thursday, Nov 27, 2025 - 08:50 PM (IST)

ਵਿਦੇਸ਼ੀ ਜਾਇਦਾਦਾਂ ਦਾ ਖੁਲਾਸਾ ਨਾ ਕਰਨ ਵਾਲੇ 25,000 ਲੋਕਾਂ ਨੂੰ ਆਮਦਨ ਟੈਕਸ ਵਿਭਾਗ ਭੇਜੇਗਾ ਮੈਸੇਜ

ਨਵੀਂ ਦਿੱਲੀ, (ਭਾਸ਼ਾ)– ਆਮਦਨ ਟੈਕਸ ਵਿਭਾਗ ਨੇ ਵੀਰਵਾਰ ਨੂੰ ਕਿਹਾ ਕਿ ਲੱਗਭਗ 25,000 ਟੈਕਸਦਾਤਿਆਂ ਦੇ ਵੱਧ ਜੋਖਿਮ ਵਾਲੇ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿਚ ਉਨ੍ਹਾਂ ਨੇ ਆਪਣੀ ਆਮਦਨ ਟੈਕਸ ਰਿਟਰਨ ਵਿਚ ਵਿਦੇਸ਼ੀ ਜਾਇਦਾਦਾਂ ਦਾ ਵੇਰਵਾ ਨਹੀਂ ਦਿੱਤਾ।

ਵਿਭਾਗ ਨੇ ਕਿਹਾ ਕਿ ਪਛਾਣ ਕੀਤੇ ਗਏ ਇਨ੍ਹਾਂ ਲੋਕਾਂ ਨੂੰ 28 ਨਵੰਬਰ ਤੋਂ ਐੱਸ. ਐੱਮ. ਐੱਸ. ਤੇ ਈ-ਮੇਲ ਭੇਜਣੇ ਸ਼ੁਰੂ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਸਜ਼ਾਯੋਗ ਕਾਰਵਾਈ ਤੋਂ ਬਚਣ ਲਈ 31 ਦਸੰਬਰ ਤਕ ਸੋਧੀ ਹੋਈ ਆਮਦਨ ਟੈਕਸ ਰਿਟਰਨ (ਆਈ. ਟੀ. ਆਰ.) ਦਾਖਲ ਕਰਨ ਦੀ ਸਲਾਹ ਦਿੱਤੀ ਜਾਵੇਗੀ। ਦਸੰਬਰ ਦੇ ਅੱਧ ਤੋਂ ਸ਼ੁਰੂ ਹੋਣ ਵਾਲੀ ਇਸ ਮੁਹਿੰਮ ਦੇ ਦੂਜੇ ਪੜਾਅ ’ਚ ਹੋਰ ਮਾਮਲਿਆਂ ਨੂੰ ਵੀ ਸ਼ਾਮਲ ਕਰਨ ਲਈ ਇਸ ਦਾ ਘੇਰਾ ਵਧਾਇਆ ਜਾਵੇਗਾ। ਪਿਛਲੇ ਸਾਲ ਵੀ ਆਮਦਨ ਟੈਕਸ ਵਿਭਾਗ ਨੇ ਆਟੋਮੇਟਿਡ ਇਨਫਾਰਮੇਸ਼ਨ ਐਕਸਚੇਂਜ (ਏ. ਈ. ਓ. ਆਈ.) ਵਿਵਸਥਾ ਤਹਿਤ ਵਿਦੇਸ਼ੀ ਅਧਿਕਾਰ ਖੇਤਰਾਂ ਰਾਹੀਂ ਸੂਚਿਤ ਅਜਿਹੇ ਟੈਕਸਦਾਤਿਆਂ ਨੂੰ ਮੈਸੇਜ ਭੇਜੇ ਸਨ, ਜਿਨ੍ਹਾਂ ਨੇ ਆਪਣੇ ਵਿਦੇਸ਼ੀ ਨਿਵੇਸ਼ ਤੇ ਖਾਤਿਆਂ ਦਾ ਵੇਰਵਾ ਆਈ. ਟੀ. ਆਰ. ਵਿਚ ਨਹੀਂ ਦਿੱਤਾ ਸੀ।

ਇਸ ਪਹਿਲ ਦਾ ਸਿੱਟਾ ਇਹ ਨਿਕਲਿਆ ਸੀ ਕਿ ਕੁਲ 24,678 ਟੈਕਸਦਾਤਿਆਂ ਨੇ ਆਪਣੀਆਂ ਰਿਟਰਨਾਂ ਵਿਚ ਸੋਧ ਕੀਤੀ ਅਤੇ 29,208 ਕਰੋੜ ਦੀਆਂ ਵਿਦੇਸ਼ੀ ਜਾਇਦਾਦਾਂ ਤੇ 1,089.88 ਕਰੋੜ ਰੁਪਏ ਦੀ ਵਿਦੇਸ਼ੀ ਆਮਦਨ ਦੀ ਜਾਣਕਾਰੀ ਵੀ ਦਿੱਤੀ।


author

Rakesh

Content Editor

Related News