ਆਮਦਨ ਟੈਕਸ, GST ਕਟੌਤੀ ਨਾਲ ਵਾਧੂ ਵਿੱਤੀ ਸਮਰਥਨ ਦੀ ਗੂੰਜਾਇਸ਼ ਸੀਮਿਤ : ਮੂਡੀਜ਼
Wednesday, Nov 26, 2025 - 02:44 PM (IST)
ਨਵੀਂ ਦਿੱਲੀ- ਗਲੋਬਲ ਰੇਟਿੰਗ ਏਜੰਸੀ ਮੂਡੀਜ਼ ਨੇ ਕਿਹਾ ਕਿ ਚਾਲੂ ਮਾਲੀ ਸਾਲ ’ਚ ਆਮਦਨ ਟੈਕਸ ਅਤੇ ਜੀ.ਐੱਸ.ਟੀ. ਦਰਾਂ ’ਚ ਕੀਤੀਆਂ ਗਈਆਂ ਕਟੌਤੀਆਂ ਨੇ ਸਰਕਾਰ ਦੇ ਮਾਲੀਆ ਵਾਧੇ ਨੂੰ ਕਮਜ਼ੋਰ ਕਰ ਦਿੱਤਾ ਹੈ, ਜਿਸ ਨਾਲ ਅਰਥਵਿਵਸਥਾ ਨੂੰ ਵਾਧੂ ਵਿੱਤੀ ਸਮਰਥਨ ਦੇਣ ਦੀ ਗੂੰਜਾਇਸ਼ ਸੀਮਿਤ ਹੋ ਗਈ ਹੈ। ਮੂਡੀਜ਼ ਰੇਟਿੰਗਸ ਦੇ ਉਪ-ਪ੍ਰਧਾਨ ਅਤੇ ਸੀਨੀਅਰ ਕ੍ਰੈਡਿਟ ਅਧਿਕਾਰੀ (ਸਰਕਾਰੀ ਜੋਖਮ) ਮਾਰਟਿਨ ਪੇਟਚ ਨੇ ਇਕ ਵੈਬੀਨਾਰ ’ਚ ਕਿਹਾ, “ਮਾਲੀਆ ਵਾਧਾ ਉਮੀਦ ਨਾਲੋਂ ਕਾਫ਼ੀ ਕਮਜ਼ੋਰ ਰਿਹਾ ਹੈ। ਪਿਛਲੇ ਮਹੀਨਿਆਂ ’ਚ ਜੋ ਟੈਕਸ ਕਟੌਤੀ ਹੋਈ ਹੈ, ਉਸ ਦਾ ਵੀ ਮਾਲੀਆ ਕੁਲੈਕਸ਼ਨ ’ਤੇ ਅਸਰ ਪਿਆ ਹੈ। ਇਸ ਵਜ੍ਹਾ ਨਾਲ ਵਿੱਤੀ ਸਸ਼ਕਤੀਕਰਨ ’ਤੇ ਦਬਾਅ ਵਧਿਆ ਹੈ ਅਤੇ ਵਾਧੂ ਇਨਸੈਂਟਿਵ ਦੇਣ ਦੀ ਗੁੰਜਾਇਸ਼ ਘਟ ਗਈ ਹੈ।”
ਕੰਟਰੋਲਰ ਜਨਰਲ ਆਫ਼ ਅਕਾਊਂਟਸ (ਸੀ. ਜੀ. ਏ.) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਤੰਬਰ, 2025 ਦੇ ਅੰਤ ਤੱਕ ਸ਼ੁੱਧ ਟੈਕਸ ਮਾਲੀਆ ਘਟ ਕੇ 12.29 ਲੱਖ ਕਰੋੜ ਰੁਪਏ ਰਿਹਾ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 12.65 ਲੱਖ ਕਰੋੜ ਰੁਪਏ ਸੀ। ਇਹ ਸਰਕਾਰ ਦੇ ਸਾਲ 2025-26 ਦੇ ਬਜਟ ਅੰਦਾਜ਼ੇ ਦਾ ਸਿਰਫ 43.3 ਫ਼ੀਸਦੀ ਹੈ, ਜਦੋਂ ਕਿ ਪਿਛਲੇ ਮਾਲੀ ਸਾਲ ਦੀ ਇਸੇ ਮਿਆਦ ’ਚ 49 ਫ਼ੀਸਦੀ ਟੀਚਾ ਹਾਸਲ ਹੋਇਆ ਸੀ। ਸਰਕਾਰ ਨੇ ਇਸ ਸਾਲ ਬਜਟ ’ਚ ਨਵੇਂ ਟੈਕਸ ਢਾਂਚੇ ਤਹਿਤ ਆਮਦਨ ਟੈਕਸ ਛੋਟ ਹੱਦ 7 ਲੱਖ ਤੋਂ ਵਧਾ ਕੇ 12 ਲੱਖ ਰੁਪਏ ਕਰ ਦਿੱਤੀ ਸੀ। ਇਸ ਨਾਲ ਮੱਧ ਵਰਗ ਨੂੰ ਲੱਗਭਗ ਇਕ ਲੱਖ ਕਰੋੜ ਰੁਪਏ ਦੀ ਟੈਕਸ ਰਾਹਤ ਮਿਲੀ ਹੈ।
