ਬਰੇਲੀ ਦੇ ਸਿਟੀ ਮੈਜਿਸਟ੍ਰੇਟ ਅਗਨੀਹੋਤਰੀ ਮੁਅੱਤਲ, ਬੋਲੇ-ਪਹਿਲਾਂ ਹੀ ਦੇ ਦਿੱਤਾ ਹੈ ਅਸਤੀਫ਼ਾ
Tuesday, Jan 27, 2026 - 10:59 PM (IST)
ਬਰੇਲੀ/ਲਖਨਊ– ਉੱਤਰ ਪ੍ਰਦੇਸ਼ ਸਰਕਾਰ ਨੇ ਬਰੇਲੀ ਦੇ ਸਿਟੀ ਮੈਜਿਸਟ੍ਰੇਟ ਅਲੰਕਾਰ ਅਗਨੀਹੋਤਰੀ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ ਵਿਚ ਸੋਮਵਾਰ ਦੇਰ ਰਾਤ ਮੁਅੱਤਲ ਕਰ ਦਿੱਤਾ। ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲਾਂਕਿ ਅਗਨੀਹੋਤਰੀ ਨੇ ਕਿਹਾ ਕਿ ਉਹ ਇਕ ਦਿਨ ਪਹਿਲਾਂ ਹੀ ਅਸਤੀਫ਼ਾ ਦੇ ਚੁੱਕੇ ਹਨ। ਉਨ੍ਹਾਂ ਮੰਗਲਵਾਰ ਨੂੰ ਕਲੈਕਟ੍ਰੇਟ ਵਿਚ ਧਰਨਾ ਦਿੱਤਾ ਅਤੇ ਆਪਣੇ ਖਿਲਾਫ਼ ਇਕ ਸੋਚੀ-ਸਮਝੀ ਸਾਜ਼ਿਸ਼ ਦਾ ਦੋਸ਼ ਲਾਇਆ।
ਅਗਨੀਹੋਤਰੀ ਨੇ ਸਰਕਾਰੀ ਨੀਤੀਆਂ, ਖਾਸ ਤੌਰ ’ਤੇ ਯੂ. ਜੀ. ਸੀ. ਦੇ ਨਵੇਂ ਨਿਯਮਾਂ ਅਤੇ ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਨਾਲ ਜੁੜੇ ਮਾਮਲੇ ’ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਸੋਮਵਾਰ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਨਾਲ ਇਕ ਵੱਡਾ ਪ੍ਰਸ਼ਾਸਨਿਕ ਤੇ ਸਿਆਸੀ ਵਿਵਾਦ ਖੜ੍ਹਾ ਹੋ ਗਿਆ।
ਇਸ ਦੇ ਨਾਲ ਹੀ ਉਨ੍ਹਾਂ ਨੂੰ ਜ਼ਿਲਾ ਮੈਜਿਸਟ੍ਰੇਟ ਸ਼ਾਮਲੀ ਦੇ ਦਫ਼ਤਰ ਨਾਲ ਸਬੰਧਤ ਕਰ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਸਰਕਾਰ ਦੇ ਨਿਯੁਕਤੀ ਸੈਕਸ਼ਨ-ਸੱਤ ਤੋਂ ਵਿਸ਼ੇਸ਼ ਸਕੱਤਰ ਅੰਨਪੂਰਨਾ ਗਰਗ ਦੇ ਹਸਤਾਖਰਾਂ ਹੇਠ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਅਗਨੀਹੋਤਰੀ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਲਈ ਬਰੇਲੀ ਡਵੀਜ਼ਨ ਦੇ ਕਮਿਸ਼ਨਰ ਬੀ. ਐੱਸ. ਚੌਧਰੀ ਨੂੰ ਜਾਂਚ ਅਧਿਕਾਰੀ ਨਾਮਜ਼ਦ ਕੀਤਾ ਗਿਆ ਹੈ।
