ਗਾਜ਼ਾ ’ਚ ਇਜ਼ਰਾਈਲ ਦੀ ਬੰਬਾਰੀ, ਹਮਾਸ ਨਾਲ ਗੱਲਬਾਤ ਦਰਮਿਆਨ ਵਧਿਆ ਤਣਾਅ
Wednesday, Oct 08, 2025 - 10:05 PM (IST)

ਤੇਲ ਅਵੀਵ (ਇੰਟ.)-ਹਮਾਸ ਦੇ ਹਮਲੇ ਦੀ ਦੂਜੀ ਵਰ੍ਹੇਗੰਢ ’ਤੇ ਇਜ਼ਰਾਈਲ ਨੇ ਗਾਜ਼ਾ ਪੱਟੀ ’ਤੇ ਭਾਰੀ ਬੰਬਾਰੀ ਕੀਤੀ। ਇਹ ਹਮਲਾ ਅਜਿਹੇ ਸਮੇਂ ਕੀਤਾ ਗਿਆ, ਜਦੋਂ ਮਿਸਰ ਦੇ ਸ਼ਰਮ ਅਲ-ਸ਼ੇਖ ਸ਼ਹਿਰ ’ਚ ਜੰਗ ਖਤਮ ਕਰਨ ਨੂੰ ਲੈ ਕੇ ਇਜ਼ਰਾਈਲ ਅਤੇ ਹਮਾਸ ਦੇ ਅਧਿਕਾਰੀਆਂ ਵਿਚਾਲੇ ਸੋਮਵਾਰ ਤੋਂ ਗੱਲਬਾਤ ਚੱਲ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯੋਜਨਾ ਤਹਿਤ ਚੱਲ ਰਹੀ ਗੱਲਬਾਤ ਦੇ ਰਸਤੇ ’ਚ ਇਜ਼ਰਾਈਲ ਦੇ ਨਵੇਂ ਹਮਲੇ ਨਾਲ ਨਵੀਆਂ ਚੁਣੌਤੀਆਂ ਖੜ੍ਹੀਆਂ ਹੋ ਸਕਦੀਆਂ ਹਨ। ਇਸ ਦਰਮਿਆਨ ਹਮਾਸ ਨੇ 2 ਮੁੱਖ ਮੰਗਾਂ ਰੱਖੀਆਂ । ਪਹਿਲੀ, ਗਾਜ਼ਾ ਪੱਟੀ ’ਤੇ ਇਜ਼ਰਾਈਲੀ ਕਬਜ਼ੇ ਦਾ ਸਥਾਈ ਅੰਤ, ਜਿਸ ਦੀ ਅੰਤਰਰਾਸ਼ਟਰੀ ਪੱਧਰ ’ਤੇ ਗਾਰੰਟੀ ਹੋਣੀ ਚਾਹੀਦੀ ਹੈ। ਦੂਜੀ, ਇਜ਼ਰਾਈਲੀ ਕੈਦੀਆਂ ਦੀ ਰਿਹਾਈ ਨੂੰ ਇਜ਼ਰਾਈਲੀ ਫੌਜ ਦੀ ਪੂਰਨ ਵਾਪਸੀ ਨਾਲ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਹਮਾਸ ਜੰਗ ਖਤਮ ਕਰਨ ਲਈ ‘ਸਾਰੀਆਂ ਜ਼ਿੰਮੇਵਾਰੀਆਂ ਲੈਣ ਲਈ ਤਿਆਰ’ ਹੈ ਪਰ ‘ਇਜ਼ਰਾਈਲ ਨੇ ਕਤਲੇਆਮ ਜਾਰੀ ਰੱਖਿਆ ਹੈ, ਜਿਸ ਨਾਲ ਗੱਲਬਾਤ ’ਚ ਰੁਕਾਵਟ ਆ ਰਹੀ ਹੈ।
ਡੈੱਡਲਾਈਨ ਖਤਮ ਤਾਂ ਤੁਰਕੀ ਕੋਲ ਪਹੁੰਚੇ ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਿਸੇ ਵੀ ਕੀਮਤ ’ਤੇ ਇਜ਼ਰਾਈਲ ਅਤੇ ਹਮਾਸ ਵਿਚਾਲੇ ਸ਼ਾਂਤੀ ਲਿਆਉਣਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਦਾ ਗਾਜ਼ਾ ਪੀਜ ਪਲਾਨ ਤਿਆਰ ਹੈ ਪਰ ਇਸ ਪਲਾਨ ’ਤੇ ਹਮਾਸ ਦੀ ਹਾਂ-ਨਾ, ਹਾਂ-ਨਾ ਵਿਚਾਲੇ ਦੁਚਿੱਤੀ ਦੀ ਸਥਿਤੀ ਬਣੀ ਹੋਈ ਹੈ। ਟਰੰਪ ਨੇ ਹੁਣ ਤੁਰਕੀ ਦੀ ਮਦਦ ਮੰਗੀ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਏਰਦੋਗਨ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਗਾਜ਼ਾ ਪੀਸ ਪਲਾਨ ਨੂੰ ਲੈ ਕੇ ਉਨ੍ਹਾਂ ਤੋਂ ਮਦਦ ਮੰਗੀ ਹੈ। ਟਰੰਪ ਚਾਹੁੰਦੇ ਹਨ ਕਿ ਹਮਾਸ ਇਸ ਪੀਸ ਪਲਾਨ ਨੂੰ ਬਿਨਾਂ ਕਿਸੇ ਸ਼ਰਤ ਦੇ ਸਵੀਕਾਰ ਕਰੇ।