ਬੰਗਲਾਦੇਸ਼ ਚੋਣਾਂ: ਢਾਕਾ ਤੋਂ ਹਿੰਦੂ ਆਗੂ ਦੀ ਵੱਡੀ ਜਿੱਤ, ਭਾਰੀ ਬਹੁਮਤ ਨਾਲ ਸੱਤਾ ''ਚ ਪਰਤੇਗੀ BNP
Friday, Feb 13, 2026 - 04:56 PM (IST)
ਢਾਕਾ : ਬੰਗਲਾਦੇਸ਼ ਦੀਆਂ 13ਵੀਆਂ ਰਾਸ਼ਟਰੀ ਸੰਸਦੀ ਚੋਣਾਂ 'ਚ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਸੀਨੀਅਰ ਆਗੂ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੇ ਮੈਂਬਰ ਗਾਇਸ਼ਵਰ ਚੰਦਰ ਰਾਏ ਨੇ ਢਾਕਾ-3 ਸੀਟ ਤੋਂ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਸਰਕਾਰੀ ਨਿਊਜ਼ ਏਜੰਸੀ 'ਬੀ.ਐੱਸ.ਐੱਸ.' ਮੁਤਾਬਕ, ਰਾਏ ਨੇ 99,163 ਵੋਟਾਂ ਪ੍ਰਾਪਤ ਕਰਕੇ ਆਪਣੇ ਨਜ਼ਦੀਕੀ ਵਿਰੋਧੀ, ਜਮਾਤ-ਏ-ਇਸਲਾਮੀ ਦੇ ਮੁਹੰਮਦ ਸ਼ਾਹੀਨੂਰ ਇਸਲਾਮ ਨੂੰ ਕਰਾਰੀ ਹਾਰ ਦਿੱਤੀ।
ਇਹ ਜਿੱਤ ਦੇਸ਼ 'ਚ ਘੱਟ ਗਿਣਤੀ ਹਿੰਦੂਆਂ ਵਿਰੁੱਧ ਕਥਿਤ ਅੱਤਿਆਚਾਰਾਂ ਅਤੇ ਹਿੰਸਾ ਦੇ ਪਿਛੋਕੜ ਵਿੱਚ ਹੋਈ ਹੈ। ਦਸੰਬਰ ਵਿੱਚ ਨੌਜਵਾਨ ਆਗੂ ਸ਼ਰੀਫ਼ ਉਸਮਾਨ ਹਾਦੀ ਦੀ ਹੱਤਿਆ ਤੋਂ ਬਾਅਦ ਹਿੰਦੂ ਭਾਈਚਾਰੇ ਨੂੰ ਕਈ ਘਾਤਕ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਨੂੰ ਲੈ ਕੇ ਭਾਰਤ ਨੇ ਵੀ ਚਿੰਤਾ ਪ੍ਰਗਟਾਈ ਸੀ।
ਦੂਜੇ ਪਾਸੇ, ਕੱਟੜਪੰਥੀ ਇਸਲਾਮੀ ਪਾਰਟੀ ਜਮਾਤ-ਏ-ਇਸਲਾਮੀ ਵੱਲੋਂ ਮੈਦਾਨ ਵਿੱਚ ਉਤਾਰੇ ਗਏ ਇਕਲੌਤੇ ਹਿੰਦੂ ਉਮੀਦਵਾਰ ਕ੍ਰਿਸ਼ਨਾ ਨੰਦੀ ਨੂੰ ਖੁਲਨਾ-1 ਹਲਕੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਨੰਦੀ ਨੂੰ 70,346 ਵੋਟਾਂ ਮਿਲੀਆਂ, ਜਦੋਂ ਕਿ ਬੀ.ਐਨ.ਪੀ. ਦੇ ਉਮੀਦਵਾਰ ਆਮਿਰ ਏਜਾਜ਼ ਖਾਨ ਨੇ 1,21,352 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ।
ਬੰਗਲਾਦੇਸ਼ ਵਿੱਚ ਇਨ੍ਹਾਂ ਚੋਣਾਂ ਰਾਹੀਂ ਚੁਣੀ ਜਾਣ ਵਾਲੀ ਨਵੀਂ ਸਰਕਾਰ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਦੀ ਥਾਂ ਲਵੇਗੀ। ਮੌਜੂਦਾ ਚੋਣ ਨਤੀਜਿਆਂ ਅਤੇ ਰੁਝਾਨਾਂ ਤੋਂ ਸਪੱਸ਼ਟ ਹੈ ਕਿ ਬੀ.ਐਨ.ਪੀ. ਦੋ ਦਹਾਕਿਆਂ ਦੇ ਵਕਫੇ ਤੋਂ ਬਾਅਦ ਦੇਸ਼ ਵਿੱਚ ਮੁੜ ਸੱਤਾ ਸੰਭਾਲਣ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
