ਅੱਤਵਾਦ ਵਿਰੁੱਧ ਯਕੀਨੀ ਹੋਵੇ 'ਜ਼ੀਰੋ ਟਾਲਰੈਂਸ' ਦੀ ਨੀਤੀ : ਅਮਿਤ ਸ਼ਾਹ

06/27/2019 6:00:08 PM

ਸ਼੍ਰੀਨਗਰ (ਵਾਰਤਾ)— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਤਵਾਦ ਅਤੇ ਅੱਤਵਾਦੀਆਂ ਵਿਰੁੱਧ ਸਰਕਾਰ ਦੀ 'ਜ਼ੀਰੋ ਟਾਲਰੈਂਸ' (ਸਹਿਣਸ਼ੀਲਤਾ) ਦੀ ਨੀਤੀ 'ਤੇ ਜ਼ੋਰ ਦਿੰਦੇ ਹੋਏ ਸੁਰੱਖਿਆ ਏਜੰਸੀਆਂ ਨੂੰ ਇਸ ਲਈ ਧਨ ਦੀ ਵਿਵਸਥਾ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਲਈ ਕਿਹਾ ਹੈ। ਸ਼ਾਹ ਨੇ ਵੀਰਵਾਰ ਨੂੰ ਸੁਰੱਖਿਆ ਮਾਮਲਿਆਂ ਨੂੰ ਲੈ ਕੇ ਬੁਲਾਈ ਗਈ ਇਕ ਉੱਚ ਪੱਧਰੀ ਬੈਠਕ 'ਚ ਇਹ ਗੱਲ ਆਖੀ ਹੈ। ਦੱਸ ਦੇਈਏ ਕਿ ਸ਼ਾਹ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਦੋ ਦਿਨਾਂ ਦੇ ਜੰਮੂ-ਕਸ਼ਮੀਰ ਦੌਰੇ 'ਤੇ ਹਨ। ਜੰਮੂ-ਕਸ਼ਮੀਰ ਦੇ ਆਪਣੇ ਪਹਿਲੇ ਦੌਰੇ ਦੌਰਾਨ ਅਮਿਤ ਸ਼ਾਹ ਨੇ ਸੂਬੇ ਦੀ ਸੁਰੱਖਿਆ ਦਾ ਜਾਇਜ਼ਾ ਲੈਣ  ਲਈ ਅਧਿਕਾਰੀਆਂ ਨਾਲ ਬੈਠਕ ਕੀਤੀ।

ਇਸ ਤੋਂ ਇਲਾਵਾ ਉਨ੍ਹਾਂ ਨੇ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਹੋ ਰਹੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਅਤੇ ਸੂਬੇ ਵਿਚ ਚੰਗਾ ਪ੍ਰਸ਼ਾਸਨ ਲਾਗੂ ਕਰਨ ਦੀ ਗੱਲ ਆਖੀ। ਇਸ ਬੈਠਕ ਵਿਚ ਗਵਰਨਰ ਸੱਤਿਆਪਾਲ ਮਲਿਕ, ਕੇਂਦਰੀ ਗ੍ਰਹਿ ਸਕੱਤਰ, ਸਾਰੇ ਚਾਰ ਸਲਾਹਕਾਰ, ਸੁਰੱਖਿਆ ਏਜੰਸੀਆਂ, ਫੌਜ ਦੇ ਅਧਿਕਾਰੀ ਅਤੇ ਸੂਬੇ ਦੇ ਮੁੱਖ ਸਕੱਤਰ ਤੋਂ ਇਲਾਵਾ ਸੂਬੇ ਅਤੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਜੰਮੂ-ਕਸ਼ਮੀਰ ਦੀ ਮੌਜੂਦਾ ਸੁਰੱਖਿਆ ਸਥਿਤੀ 'ਤੇ ਚਰਚਾ ਕਰਨ ਤੋਂ ਬਾਅਦ ਸ਼ਾਹ ਨੇ ਸੁਰੱਖਿਆ ਸਥਿਤੀ ਦੇ ਸਾਰੇ ਮਾਪਦੰਡਾਂ ਵਿਚ ਹੋਏ ਸੁਧਾਰਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅੱਤਵਾਦ ਅਤੇ ਅੱਤਵਾਦੀਆਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਹੋਣੀ ਚਾਹੀਦੀ ਹੈ। ਸ਼ਾਹ ਨੇ ਅੱਤਵਾਦ ਨਾਲ ਲੜਨ ਲਈ ਜੰਮੂ-ਕਸ਼ਮੀਰ ਪੁਲਸ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਆਦੇਸ਼ ਦਿੱਤਾ ਕਿ ਪੁਲਸ ਕਰਮਚਾਰੀਆਂ ਦੀ ਸ਼ਹਾਦਤ ਨੂੰ ਯਾਦ ਕਰਨ ਅਤੇ ਉਨ੍ਹਾਂ ਨੂੰ ਸਨਮਾਨ ਦਿੰਦੇ ਹੋਏ ਹਰੇਕ ਸਾਲ ਉਨ੍ਹਾਂ ਦੇ ਗ੍ਰਹਿ ਨਗਰਾਂ ਵਿਚ ਸਹੀ ਤਰੀਕੇ ਨਾਲ ਸ਼ਰਧਾਂਜਲੀ ਦਿੱਤੀ ਜਾਵੇ।


Tanu

Content Editor

Related News