ਹੈਂ..! YouTube ਤੋਂ ਦੇਖ ਕੇ ਪੱਥਰੀ ਦਾ ਆਪਰੇਸ਼ਨ ਕਰਨ ਲੱਗੇ ਚਾਚੇ-ਭਤੀਜੇ ਨੇ ਮਾਰ''ਤੀ ਜਨਾਨੀ
Wednesday, Dec 10, 2025 - 01:23 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੇ ਕੋਠੀ ਕਸਬੇ 'ਚ ਗੈਰ-ਕਾਨੂੰਨੀ ਤਰੀਕੇ ਨਾਲ ਕਲੀਨਿਕ ਚਲਾ ਰਹੇ ਚਾਚਾ-ਭਤੀਜੇ ਨੇ ਯੂ-ਟਿਊਬ ਤੋਂ ਵੀਡੀਓ ਦੇਖ ਕੇ ਔਰਤ ਦਾ ਪੱਥਰੀ ਦਾ ਆਪੇਰਸ਼ਨ ਕਰ ਦਿੱਤਾ, ਜਿਸ ਦੇ ਕੁਝ ਹੀ ਦੇਰ ਬਾਅਦ ਔਰਤ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਮਾਮਲਾ ਕੋਠੀ ਥਾਣਾ ਖੇਤਰ ਦੇ ਪਿੰਡ ਡਫਰਾਪੁਰ ਮਜਰੇ ਸੈਦਨਪੁਰ ਦਾ ਹੈ। ਸਥਾਨਕ ਵਾਸੀ ਤੇਹਬਹਾਦੁਰ ਰਾਵਤ ਦੀ ਪਤਨੀ ਮੁਨਿਸ਼ਰਾ ਰਾਵਤ ਨੂੰ ਪੱਥਰੀ ਦੀ ਸਮੱਸਿਆ ਸੀ। ਉਸ ਨੂੰ 5 ਦਸੰਬਰ ਨੂੰ ਇਲਾਜ ਲਈ ਸ਼੍ਰੀ ਦਾਮੋਦਰ ਡਿਸਪੈਂਸਰੀ ਲਿਜਾਇਆ ਗਿਆ ਸੀ। ਕਲੀਨਿਕ ਸੰਚਾਲਕ ਗਿਆਨ ਪ੍ਰਕਾਸ਼ ਮਿਸ਼ਰਾ ਨੇ ਪੇਟ 'ਚ ਦਰਦ ਦਾ ਕਾਰਨ ਪੱਥਰੀ ਦੱਸਦੇ ਹੋਏ ਆਪਰੇਸ਼ਨ ਦੀ ਸਲਾਹ ਦਿੱਤੀ। ਨਾਲ ਹੀ 25 ਹਜ਼ਾਰ ਰੁਪਏ ਦਾ ਖਰਚ ਦੱਸਿਆ ਸੀ। ਇਸ 'ਤੇ ਪਤੀ ਨੇ ਆਪਰੇਸ਼ਨ ਤੋਂ ਪਹਿਲਾਂ 20 ਹਜ਼ਾਰ ਜਮ੍ਹਾ ਕੀਤਾ।
ਇਹ ਵੀ ਪੜ੍ਹੋ : ਆਖ਼ਿਰ ਧੁੰਨੀ 'ਚ ਕਿੱਥੋਂ ਆ ਜਾਂਦੈ ਰੂੰ ? ਜਾਣੋ ਕੀ ਹੈ ਇਸ ਦਾ ਕਾਰਨ
ਪੁਲਸ ਸੂਤਰਾਂ ਅਨੁਸਾਰ ਰਾਵਤ ਨੇ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਝੋਲਾਛਾਪ ਡਾਕਟਰ ਗਿਆਨ ਪ੍ਰਕਾਸ਼ ਮਿਸ਼ਰਾ ਨੇ ਨਸ਼ੇ 'ਚ ਯੂ-ਟਿਊਬ 'ਤੇ ਵੀਡੀਓ ਦੇਖ ਕੇ ਉਸ ਦੀ ਪਤਨੀ ਦਾ ਆਪਰੇਸ਼ਨ ਸ਼ੁਰੂ ਕਰ ਦਿੱਤਾ। ਨਸ਼ੇ ਦੀ ਹਾਲਤ 'ਚ ਉਸ ਨੇ ਪਤਨੀ ਦੇ ਪੇਟ 'ਚ ਡੂੰਘਾ ਚੀਰਾ ਲਗਾਉਂਦੇ ਹੋਏ ਕਈ ਨੱਸਾਂ ਕੱਟ ਦਿੱਤੀਆਂ, ਜਿਸ ਕਾਰਨ ਅਗਲੇ ਹੀ ਦਿਨ 6 ਦਸੰਬਰ ਦੀ ਸ਼ਾਮ ਉਸ ਦੀ ਪਤਨੀ ਦੀ ਮੌਤ ਹੋ ਗਈ। ਮਾਮਲੇ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਸੀ। ਸੂਤਰਾਂ ਨੇ ਦੱਸਿਆ ਕਿ ਰਾਵਤ ਦਾ ਦੋਸ਼ ਹੈ ਕਿ ਗਿਆਨ ਪ੍ਰਕਾਸ਼ ਮਿਸ਼ਰਾ ਦਾ ਭਤੀਜਾ ਉਸੇ ਦੀ ਆੜ 'ਚ ਕਈ ਸਾਲਾਂ ਤੋਂ ਇਹ ਗੈਰ-ਕਾਨੂੰਨੀ ਕਲੀਨਿਕ ਚਲਾ ਰਿਹਾ ਹੈ। ਕਮਿਊਨਿਟੀ ਹੈਲਥ ਸੈਂਟਰ ਦੇ ਸੁਪਰਡੈਂਟ ਡਾਕਟਰ ਸੰਜੀਵ ਕੁਮਾਰ ਨੇ ਮੰਗਲਵਾਰ ਨੂੰ ਭਵਨ ਨੂੰ ਸੀਲ ਕਰ ਕੇ ਕੰਪਲੈਕਸ 'ਤੇ ਨੋਟਿਸ ਲਗਾ ਦਿੱਤਾ। ਕੋਠੀ ਥਾਣੇ ਦੇ ਇੰਸਪੈਕਟਰ ਅਮਿਤ ਸਿੰਘ ਭਦੌਰੀਆ ਨੇ ਦੱਸਿਆ ਕਿ ਗਿਆਨ ਪ੍ਰਕਾਸ਼ ਮਿਸ਼ਰਾ ਅਤੇ ਉਸ ਦੇ ਭਤੀਜੇ ਵਿਵੇਕ ਖ਼ਿਲਾਫ਼ ਗੈਰ-ਇਰਾਦਤਨ ਕਤਲ ਦੇ ਦੋਸ਼ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵੱਡੇ ਲੋਕਾਂ ਦੇ ਮਹਿੰਗੇ ਸ਼ੌਂਕ ! ਬੋਲੀ ਲਾ ਕੇ ਖਰੀਦਿਆ ਗੱਡੀ ਦਾ VIP ਨੰਬਰ, ਕੀਮਤ ਜਾਣ ਉੱਡ ਜਾਣਗੇ ਹੋਸ਼
