ਪਸੰਦ ਦੀ ਕਾਰ ਨਾ ਮਿਲਣ 'ਤੇ 'ਸ਼ਹਿਜ਼ਾਦੇ' ਨੇ ਨਹਿਰ 'ਚ ਤਾਰੀ BMW
Saturday, Aug 10, 2019 - 02:16 PM (IST)

ਯਮੁਨਾਨਗਰ—ਹਰਿਆਣਾ ਦੇ ਯੁਮਨਾਨਗਰ ਜ਼ਿਲੇ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਅਮੀਰਜ਼ਾਦੇ ਪਿਤਾ ਦੇ ਪੁੱਤਰ ਦੀ ਕਰਤੂਤ ਚਰਚਾ ਬਣ ਗਈ ਹੈ। ਦੱਸ ਦੇਈਏ ਕਿ ਪਿਤਾ ਨੇ ਆਪਣੇ ਪੁੱਤਰ ਦੀ ਜੈਗੁਆਰ ਕਾਰ ਦੀ ਮੰਗ ਪੂਰੀ ਨਾ ਕੀਤੀ, ਜਿਸ ਕਾਰਨ ਪੁੱਤਰ ਨੇ ਬੀ. ਐੱਮ. ਡਬਲਿਊ. ਕਾਰ ਨਹਿਰ 'ਚ ਰੋੜ੍ਹ ਦਿੱਤੀ। ਇੰਨਾ ਹੀ ਨਹੀਂ ਵੀਡੀਓ ਬਣਾ ਕੇ ਟਿਕ-ਟਾਕ 'ਤੇ ਵੀ ਪਾ ਦਿੱਤੀ।
ਦਰਅਸਲ ਯੁਮਨਾਨਗਰ ਦੇ ਮੁਕਾਮਪੁਰ ਇਲਾਕੇ ਦਾ ਰਹਿਣ ਵਾਲਾ ਆਕਾਸ਼ ਨਾਂ ਦੇ ਨੌਜਵਾਨ ਨੇ ਆਪਣੇ ਪਿਤਾ ਤੋਂ ਜੈਗੂਆਰ ਕਾਰ ਦੀ ਮੰਗ ਕੀਤੀ ਸੀ, ਜੋ ਕਿ ਉਸ ਦੇ ਪਿਤਾ ਨੇ ਪੂਰੀ ਨਾ ਕੀਤੀ, ਕਿਉਂਕਿ ਉਨ੍ਹਾਂ ਕੋਲ ਪਹਿਲਾਂ ਹੀ ਬੀ. ਐੱਮ. ਡਬਲਿਊ. ਕਾਰ ਸੀ। ਗੱਲ ਇੰਨੀ ਵੱਧ ਗਈ ਕਿ ਗੁੱਸੇ 'ਚ ਆਏ ਆਕਾਸ਼ ਨੇ ਬੀ. ਐੱਮ. ਡਬਲਿਊ. ਕਾਰ ਯੁਮਨਾਨਗਰ ਦੇ ਦਾਦੂਪੁਰ ਸਥਿਤ ਇੱਕ ਨਹਿਰ 'ਚ ਰੋੜ੍ਹ ਦਿੱਤੀ। ਪਹਿਲਾਂ ਤਾਂ ਕਾਰ ਰੁੜ੍ਹ ਕੇ ਕਾਫੀ ਦੂਰ ਤੱਕ ਚਲੀ ਗਈ ਅਤੇ ਫਿਰ ਡੁੱਬ ਗਈ। ਉਸ ਨੇ ਇਸ ਘਟਨਾ ਦੀ ਵੀਡੀਓ ਬਣਾਈ ਅਤੇ ਟਿਕ ਟਾਕ 'ਤੇ ਵੀ ਪਾ ਦਿੱਤੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪੁਲਸ ਪਹੁੰਚੀ ਗਈ। ਡੀ. ਐੱਸ. ਪੀ. ਦੇਸਰਾਜ ਨੇ ਦੱਸਿਆ ਹੈ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਜਿਸ ਸਮੇਂ ਕਾਰ ਨਹਿਰ 'ਚ ਰੁੜ੍ਹਦੀ ਹੋਈ ਨਜ਼ਰ ਆਈ ਤਾਂ ਉਸ ਦੇ ਵਾਈਪਰ ਅਤੇ ਇੰਡੀਕੇਟਰ ਚੱਲ ਰਹੇ ਸੀ। ਇੰਝ ਲੱਗ ਰਿਹਾ ਸੀ ਕਿ ਕੋਈ ਕਾਰ ਸਵਾਰ ਨਹਿਰ 'ਚ ਡਿੱਗ ਪਈ ਹੈ ਪਰ ਕੋਲ ਜਾ ਕੇ ਦੇਖਿਆ ਕਿ ਇਕ ਕਾਰ ਸਵਾਰ ਵੱਲੋਂ ਕਾਰ ਨਹਿਰ 'ਚ ਉਤਾਰੀ ਗਈ ਸੀ। ਦੂਜੇ ਪਾਸੇ ਬਚਾਅ ਦਲ ਅਤੇ ਪੁਲਸ ਨੇ ਕਾਰ ਨੂੰ ਕੱਢਣ ਲਈ ਕਾਫੀ ਯਤਨ ਕੀਤੇ ਗਏ। ਮੋਟਰ ਬੋਟ ਅਤੇ ਮਜ਼ਬੂਤ ਰੱਸੀਆਂ ਦੀ ਮਦਦ ਨਾਲ ਕਾਰ ਨੂੰ ਬਾਹਰ ਖਿੱਚਿਆ ਗਿਆ। ਕਿਨਾਰੇ ਤੱਕ ਆਉਂਦੇ ਆਉਂਦੇ ਕਾਰ ਕਾਫੀ ਡੁੱਬ ਚੁੱਕੀ ਸੀ ਪਰ ਫਿਰ ਵੀ ਬਾਹਰ ਕੱਢਣ ਲਈ ਗਈ ਸੀ।