ਬਿਧੂੜੀ ਦੀ ਟਿੱਪਣੀ ਨੂੰ ਲੈ ਕੇ ਗੁੱਸਾ, ਯੂਥ ਕਾਂਗਰਸ ਦੇ ਵਰਕਰਾਂ ਨੇ ਭਾਜਪਾ ਦੇ ਦਫਤਰ ’ਤੇ ਕੀਤਾ ਪਥਰਾਅ
Tuesday, Jan 07, 2025 - 08:44 PM (IST)
 
            
            ਹੈਦਰਾਬਾਦ, (ਅਨਸ)- ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਢੇਰਾ ਬਾਰੇ ਭਾਰਤੀ ਜਨਤਾ ਪਾਰਟੀ ਦੇ ਆਗੂ ਰਮੇਸ਼ ਬਿਧੂੜੀ ਦੀ ਵਿਵਾਦਤ ਟਿੱਪਣੀ ਖਿਲਾਫ ਪ੍ਰਦਰਸ਼ਨ ਦੌਰਾਨ ਮੰਗਲਵਾਰ ਨੂੰ ਇਥੇ ਯੂਥ ਕਾਂਗਰਸ ਵਰਕਰਾਂ ਨੇ ਭਾਜਪਾ ਦੇ ਦਫ਼ਤਰ ’ਤੇ ਕਥਿਤ ਤੌਰ ’ਤੇ ਪਥਰਾਅ ਕੀਤਾ, ਜਿਸ ਕਾਰਨ ਪਾਰਟੀ ਦਾ ਇਕ ਆਗੂ ਜ਼ਖਮੀ ਹੋ ਗਿਆ।
ਯੂਥ ਕਾਂਗਰਸ ਵਰਕਰਾਂ ਨੇ ਨਾਅਰੇ ਲਾਉਂਦੇ ਹੋਏ ਨਾਮਪੱਲੀ ਸਥਿਤ ਤੇਲੰਗਾਨਾ ਪ੍ਰਦੇਸ਼ ਭਾਜਪਾ ਦੇ ਹੈੱਡਕੁਆਰਟਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਪੁਲਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਭਾਜਪਾ ਵਰਕਰਾਂ ਨੇ ਯੂਥ ਕਾਂਗਰਸ ਦੇ ਵਰਕਰਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਵਿਚਕਾਰ ਹੱਥੋਪਾਈ ਹੋ ਗਈ।
ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਕੇ. ਵੈਂਕਟੇਸ਼ਵਰਲੂ ਨੇ ‘ਕਾਂਗਰਸ ਦੇ ਗੁੰਡਿਆਂ’ ’ਤੇ ਭਾਜਪਾ ਦਫ਼ਤਰ ’ਤੇ ਹਮਲਾ ਕਰਨ ਦਾ ਦੋਸ਼ ਲਾਇਆ ਹੈ। ਪੁਲਸ ’ਤੇ ਸ਼ਰਾਰਤੀ ਅਨਸਰਾਂ ਦਾ ਸਾਥ ਦੇਣ ਦਾ ਦੋਸ਼ ਲਾਉਂਦੇ ਹੋਏ ਵੈਂਕਟੇਸ਼ਵਰਲੂ ਨੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਅਤੇ ਸੂਬਾ ਕਾਂਗਰਸ ਪ੍ਰਧਾਨ ਬੀ. ਮਹੇਸ਼ ਕੁਮਾਰ ਗੌਰ ਨੂੰ ਇਸ ਹਮਲੇ ਲਈ ਜ਼ਿੰਮੇਵਾਰ ਠਹਿਰਾਇਆ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            