ਤਾਜ ਮਹਿਲ ''ਚ ਨੌਜਵਾਨਾਂ ਨੇ ਬੋਤਲ ਨਾਲ ਸੁੱਟਿਆ ਪਾਣੀ, ਜਲਾਭਿਸ਼ੇਕ ਦਾ ਕੀਤਾ ਦਾਅਵਾ

Saturday, Aug 03, 2024 - 04:38 PM (IST)

ਆਗਰਾ (ਵਾਰਤਾ)- ਉੱਤਰ ਪ੍ਰਦੇਸ਼ ਦੇ ਆਗਰਾ ਦੇ ਤਾਜ ਮਹਿਲ ਵਿਚ ਸ਼ਨੀਵਾਰ ਨੂੰ 2 ਨੌਜਵਾਨਾਂ ਨੇ ਬੋਤਲ ਦੇ ਅੰਦਰ ਪਾਣੀ ਸੁੱਟ ਦਿੱਤਾ ਅਤੇ ਤਾਜ ਮਹਿਲ ਨੂੰ ਤੇਜੋ ਮਹਾਲਿਆ ਕਹਿ ਕੇ ਜਲਾਭਿਸ਼ੇਕ ਕਰਨ ਦਾ ਦਾਅਵਾ ਕੀਤਾ। ਹਾਲਾਂਕਿ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਦੋਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਪੁਲਸ ਡਿਪਟੀ ਕਮਿਸ਼ਨਰ ਸੂਰਜ ਰਾਏ ਨੇ ਮੀਡੀਆ ਨੂੰ ਦੱਸਿਆ ਕਿ ਤਾਜ ਮਹਿਲ ਦੇ ਦਰਸ਼ਨ ਕਰਨ ਆਏ 2 ਨੌਜਵਾਨਾਂ ਵੱਲੋਂ ਸ਼ਨੀਵਾਰ ਨੂੰ ਇਕ ਬੋਤਲ ਨਾਲ ਤਾਜ ਮਹਿਲ ਦੇ ਅੰਦਰ ਪਾਣੀ ਸੁੱਟਿਆ ਗਿਆ ਸੀ। ਇਹ ਹਰਕਤ ਦੇਖ ਸੀ.ਆਈ.ਐੱਸ.ਐੱਫ. ਨੇ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਲਿਆ। ਤਾਜਗੰਜ ਥਾਣੇ 'ਚ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਹਿੰਦੂਵਾਦੀ ਨੇਤਾਵਾਂ ਦਾ ਦਾਅਵਾ ਹੈ ਕਿ ਇਹ ਦੋਵੇਂ ਨੌਜਵਾਨ ਸਾਵਣ ਦੇ ਮਹੀਨੇ ਤਾਜ ਮਹਿਲ ਨੂੰ ਸ਼ਿਵ ਮੰਦਰ ਤੇਜੋ ਮਹਾਲਿਆ ਮੰਨ ਕੇ ਗੰਗਾ ਜਲ ਚੜ੍ਹਾਉਣ ਆਏ ਸਨ। ਦੋਵੇਂ ਨੌਜਵਾਨਾਂ ਨੇ ਮੁੱਖ ਸਮਾਧ 'ਚ ਸਥਿਤ ਬੇਸਮੈਂਟ ਦੇ ਦਰਵਾਜ਼ੇ ’ਤੇ ਉਪਰੋਂ ਗੰਗਾ ਜਲ ਚੜ੍ਹਾਇਆ। ਨੌਜਵਾਨਾਂ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ 'ਚ ਇਕ ਨੌਜਵਾਨ ਪੌੜੀਆਂ 'ਤੇ ਇਕ ਬੋਤਲ 'ਚੋਂ ਪਾਣੀ ਛਿੜਕਦਾ ਦਿਖਾਈ ਦੇ ਰਿਹਾ ਹੈ ਅਤੇ ਇਕ ਹੋਰ ਵਿਅਕਤੀ ਮਕਬਰੇ ਦੀ ਬਾਹਰਲੀ ਕੰਧ 'ਤੇ ਓਮ ਦਾ ਸਟਿੱਕਰ ਚਿਪਕਾਉਣ ਤੋਂ ਬਾਅਦ ਬੋਤਲ 'ਚੋਂ ਪਾਣੀ ਸੁੱਟਦਾ ਦਿਖਾਈ ਦੇ ਰਿਹਾ ਹੈ। ਇਸ ਮਾਮਲੇ 'ਚ ਅਖਿਲ ਭਾਰਤ ਹਿੰਦੂ ਮਹਾਸਭਾ ਦੇ ਬੁਲਾਰੇ ਸੰਜੇ ਜਾਟ ਨੇ ਦੱਸਿਆ ਕਿ ਮਹਾਸਭਾ ਦੇ ਵਿਨੇਸ਼ ਚੌਧਰੀ ਅਤੇ ਸ਼ਿਆਮ ਨੇ ਤੇਜੋ ਮਹਾਲਿਆ 'ਚ ਗੰਗਾ ਜਲ ਚੜ੍ਹਾਇਆ। ਇਹ ਇਮਾਰਤ ਤਾਜ ਮਹਿਲ ਨਹੀਂ, ਤੇਜੋ ਮਹਾਲਿਆ ਹੈ, ਭਵਿੱਖ 'ਚ ਵੀ ਅਸੀਂ ਕਾਂਵੜ ਲੈ ਕੇ ਭਗਵਾਨ ਸ਼ਿਵ ਨੂੰ ਗੰਗਾ ਜਲ ਨਾਲ ਅਭਿਸ਼ੇਕ ਕਰਦੇ ਰਹਾਂਗੇ। ਜ਼ਿਕਰਯੋਗ ਹੈ ਕਿ ਪਿਛਲੇ ਸੋਮਵਾਰ ਅਖਿਲ ਭਾਰਤ ਹਿੰਦੂ ਮਹਾਸਭਾ ਦੀ ਮੀਰਾ ਰਾਠੌਰ ਕਾਂਵੜ ਨਾਲ ਤਾਜ ਮਹਿਲ ਪਹੁੰਚੀ ਸੀ। ਪੁਲਸ ਨੇ ਉਨ੍ਹਾਂ ਨੂੰ ਗੇਟ ਅੱਗੇ ਬੈਰੀਅਰ ਤੋਂ ਜ਼ਿਆਦਾ ਅੱਗੇ ਨਹੀਂ ਜਾਣ ਦਿੱਤਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News