ਜਿਮ ਤੋਂ ਬਾਹਰ ਨਿਕਲੇ ਨੌਜਵਾਨਾਂ ''ਤੇ ਤਾਬਤਤੋੜ ਫਾਇਰਿੰਗ, 2 ਦੀ ਮੌਤ
Thursday, Dec 26, 2024 - 12:37 PM (IST)
ਯਮੁਨਾਨਗਰ- ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੇ ਪਿੰਡ ਲਖਾਖੇੜੀ ਵਿਚ ਸਵੇਰੇ ਕਰੀਬ ਸਵਾ 8 ਵਜੇ ਗੋਲੀਆਂ ਚੱਲਣ ਦੀ ਘਟਨਾ ਨਾਲ ਦਹਿਸ਼ਤ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਨੌਜਵਾਨ ਜਿਮ ਕਰ ਕੇ ਗੱਡੀ 'ਚ ਬੈਠ ਕੇ ਘਰ ਪਰਤ ਰਹੇ ਸਨ, ਤਾਂ ਬਾਈਕ ਸਵਾਰ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ 'ਤੇ ਤਾਬੜਤੋੜ ਗੋਲੀਆਂ ਵਰ੍ਹਾ ਦਿੱਤੀਆਂ। ਇਸ ਹਮਲੇ ਵਿਚ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਤੀਜਾ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜਿਸ ਨੂੰ ਤੁਰੰਤ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ।
ਮ੍ਰਿਤਕਾਂ ਦੀ ਪਛਾਣ ਸਹਾਰਨਪੁਰ ਦੇ ਬੜੌਤ ਵਾਸੀ ਪੰਕਜ ਮਲਿਕ, ਪਿੰਡ ਗੋਲਨੀ ਵਾਸੀ ਵੀਰੇਂਦਰ ਦੇ ਰੂਪ ਵਿਚ ਹੋਈ ਹੈ। ਜਦਕਿ ਉਨਹੇੜੀ ਪਿੰਡ ਦੇ ਅਰਜੁਨ ਦੀ ਗੰਭੀਰ ਹਾਲਤ ਹੈ। ਇਹ ਤਿੰਨੋਂ ਜਿਮ ਕਰ ਕੇ ਕਾਰ ਵਿਚ ਬੈਠ ਕੇ ਘਰ ਪਰਤ ਰਹੇ ਸਨ, ਤਾਂ ਬਾਈਕ ਸਵਾਰ ਹਮਲਾਵਰਾਂ ਨੇ ਉਨ੍ਹਾਂ 'ਤੇ ਫਾਇਰਿੰਗ ਕਰ ਦਿੱਤੀ।
SP ਰਾਜੀਵ ਦੇਸਵਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਟੀਮ ਮੌਕੇ 'ਤੇ ਮੌਜੂਦ ਹੈ ਅਤੇ ਸਬੂਤ ਇਕੱਠੇ ਕਰਨ 'ਚ ਲੱਗੀ ਹੋਈ ਹੈ। ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਜਾਰੀ ਹਨ। ਪੁਲਸ ਦਾ ਕਹਿਣਾ ਹੈ ਕਿ ਗੋਲੀਬਾਰੀ ਦੇ ਪਿੱਛੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ। ਮੁੱਢਲੀ ਜਾਂਚ ਮੁਤਾਬਕ ਇਹ ਆਪਸੀ ਦੁਸ਼ਮਣੀ ਦਾ ਮਾਮਲਾ ਹੋ ਸਕਦਾ ਹੈ। ਘਟਨਾ ਸਬੰਧੀ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।