ਵਿਆਹ ਤੋਂ ਮੁਕਰਨ ’ਤੇ ਨੌਜਵਾਨ ਨੇ ਮੁਟਿਆਰ ਦਾ ਗਲਾ ਵੱਢਿਆ, ਖ਼ੁਦ ਵੀ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼
Tuesday, Jan 27, 2026 - 11:35 PM (IST)
ਨਵੀਂ ਦਿੱਲੀ, (ਭਾਸ਼ਾ)- ਦਿੱਲੀ ਦੇ ਉਸਮਾਨਪੁਰ ਇਲਾਕੇ ’ਚ ਵਿਆਹ ਤੋਂ ਮੁਕਰਨ ’ਤੇ ਇਕ ਨੌਜਵਾਨ ਨੇ ਹੋਟਲ ਦੇ ਕਮਰੇ ਦੇ ਅੰਦਰ 21 ਸਾਲਾ ਮੁਟਿਆਰ ਦਾ ਕਥਿਤ ਤੌਰ ’ਤੇ ਗਲਾ ਵੱਢ ਦਿੱਤਾ ਅਤੇ ਫਿਰ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਦੋਵੇਂ ਜੀ. ਟੀ. ਬੀ. ਹਸਪਤਾਲ ’ਚ ਭਰਤੀ ਹਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਘਟਨਾ 24 ਜਨਵਰੀ ਨੂੰ ਰਾਤ ਕਰੀਬ 8.15 ਵਜੇ ਵਾਪਰੀ।
ਉਨ੍ਹਾਂ ਕਿਹਾ ਕਿ ਪੁਲਸ ਨੂੰ ਮੁਟਿਆਰ ਅਤੇ 23 ਸਾਲਾ ਨੌਜਵਾਨ ਮਿਲਿਆ, ਜਿਨ੍ਹਾਂ ਦੀਆਂ ਗਰਦਨਾਂ ’ਤੇ ਬਲੇਡ ਦੇ ਡੂੰਘੇ ਜ਼ਖ਼ਮ ਸਨ। ਅਧਿਕਾਰੀ ਨੇ ਕਿਹਾ ਕਿ ਕਮਰੇ ’ਚੋਂ ਖ਼ੂਨ ਨਾਲ ਲਿਬੜਿਆ ਹੋਇਆ ਬਲੇਡ ਵੀ ਮਿਲਿਆ। ਪੁਲਸ ਦੇ ਅਨੁਸਾਰ ਮੁਢਲੀ ਜਾਂਚ ’ਚ ਪਤਾ ਲੱਗਾ ਹੈ ਕਿ ਦੋਵੇਂ ਇਕ-ਦੂਜੇ ਨੂੰ ਜਾਣਦੇ ਸਨ, ਇਕੋ ਹੀ ਇਲਾਕੇ ’ਚ ਰਹਿੰਦੇ ਸਨ ਅਤੇ ਨੌਜਵਾਨ ਮੁਟਿਆਰ ’ਤੇ ਵਿਆਹ ਲਈ ਕਥਿਤ ਤੌਰ ’ਤੇ ਦਬਾਅ ਬਣਾ ਰਿਹਾ ਸੀ।
