ਅਸ਼ਲੀਲ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਵਿਆਹ ਦਾ ਦਬਾਅ ਬਣਾ ਰਿਹਾ ਸੀ ਨੌਜਵਾਨ, ਗ੍ਰਿਫ਼ਤਾਰ
Thursday, Feb 16, 2023 - 02:36 PM (IST)
ਨੋਇਡਾ (ਭਾਸ਼ਾ)- ਨੋਇਡਾ ਦੇ ਦਨਕੌਰ ਥਾਣਾ ਖੇਤਰ 'ਚ ਐੱਮਬੀਬੀਐੱਸ ਦੀ ਵਿਦਿਆਰਥਣ 'ਤੇ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ 'ਤੇ ਧਰਮ ਪਰਿਵਰਤਨ ਕਰ ਕੇ ਵਿਆਹ ਲਈ ਦਬਾਅ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦਨਕੌਰ ਥਾਣੇ ਦੇ ਇੰਚਾਰਜ ਇੰਸਪੈਕਟਰ ਸੰਜੇ ਕੁਮਾਰ ਸਿੰਘ ਨੇ ਦੱਸਿਆ ਕਿ ਥਾਣਾ ਖੇਤਰ ਦੀ ਇਕ ਯੂਨੀਵਰਸਿਟੀ ਤੋਂ ਐੱਮ.ਬੀ.ਬੀ.ਐੱਸ. ਪਹਿਲੇ ਸਾਲ ਦੀ ਪੜ੍ਹਾਈ ਕਰ ਰਹੀ ਪੱਛਮੀ ਬੰਗਾਲ ਦੀ ਰਹਿਣ ਵਾਲੀ ਵਿਦਿਆਰਥਣ ਫੇਸਬੁੱਕ 'ਤੇ ਦੋਸ਼ੀ ਦੇ ਸੰਪਰਕ 'ਚ ਆਈ ਸੀ। ਉਨ੍ਹਾਂ ਦੱਸਿਆ ਕਿ ਚਾਰ ਮਹੀਨਿਆਂ ਤੱਕ ਵਟਸਐੱਪ ਦੇ ਮਾਧਿਅਮ ਨਾਲ ਦੋਹਾਂ 'ਚ ਗੱਲਬਾਤ ਹੁੰਦੀ ਰਹੀ ਅਤੇ 24 ਜਨਵਰੀ 2022 ਨੂੰ ਉਸ ਦੀ ਅਖਲਾਕ ਸ਼ੇਖ (ਦਿੱਲੀ ਵਾਸੀ) ਨਾਮੀ ਇਸ ਨੌਜਵਾਨ ਨਾਲ ਪਹਿਲੀ ਮੁਲਾਕਾਤ ਹੋਈ। ਪੁਲਸ ਅਨੁਸਾਰ ਉਸ ਸਮੇਂ ਅਖਲਾਕ ਨੇ ਆਪਣਾ ਕੋਈ ਦੂਜਾ (ਹਿੰਦੂ) ਨਾਮ ਦੱਸਿਆ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਮੁਲਾਕਾਤ ਤੋਂ ਬਾਅਦ ਅਖਲਾਕ ਉਸ ਨੂੰ ਦਿੱਲੀ 'ਚ ਆਪਣੇ ਇਕ ਦੋਸਤ ਦੇ ਘਰ ਲੈ ਗਿਆ ਅਤੇ ਉੱਥੇ ਉਸ ਨੇ ਉਸ ਨਾਲ ਸਰੀਰਕ ਸੰਬੰਧ ਬਣਾਏ।
ਸ਼ਿਕਾਇਤਕਰਤਾ ਅਨੁਸਾਰ ਦੋਸ਼ੀ ਨੇ ਇਸ ਦੌਰਾਨ ਇਤਰਾਜ਼ਯੋਗ ਹਾਲਤ 'ਚ ਉਸ ਦੀਆਂ ਤਸਵੀਰਾਂ ਵੀ ਖਿੱਚ ਲਈਆਂ। ਥਾਣਾ ਇੰਚਾਰਜ ਨੇ ਸ਼ਿਕਾਇਤਕਰਤਾ ਦੇ ਹਵਾਲੇ ਤੋਂ ਦੱਸਿਆ ਕਿ ਇਸੇ ਦੌਰਾਨ ਵਿਦਿਆਰਥਣ ਨੂੰ ਪਤਾ ਲੱਗਾ ਕਿ ਉਹ ਦੂਜੇ ਧਰਮ ਦਾ ਹੈ ਅਤੇ ਵਿਆਹਿਆ ਹੈ, ਉਦੋਂ ਉਸ ਨੇ ਉਸ ਤੋਂ ਪਿੱਛਾ ਛੁਡਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਅਨੁਸਾਰ ਵਿਦਿਆਰਥਣ ਦਾ ਦੋਸ਼ ਹੈ ਕਿ ਨੌਜਵਾਨ ਨੇ ਉਸ ਦੀਆਂ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਧਰਮ ਪਰਿਵਰਤਨ ਕਰ ਕੇ ਵਿਆਹ ਕਰਨ ਦਾ ਦਬਾਅ ਬਣਾਇਆ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਦੋਸ਼ੀ 26 ਜਨਵਰੀ 2023 ਨੂੰ ਉਸ ਦੇ ਕਾਲਜ 'ਚ ਆਪਣੇ ਪਿਤਾ ਨਾਲ ਪੁੱਜਿਆ ਅੇਤ ਉਸ ਨਾਲ ਛੇੜਛਾੜ ਕੀਤੀ। ਥਾਣਾ ਇੰਚਾਰਜ ਅਨੁਸਾਰ ਜਦੋਂ ਵਿਦਿਆਰਥਣ ਨੇ ਵਿਰੋਧ ਕੀਤਾ ਤਾਂ ਦੋਸ਼ੀ ਅਤੇ ਉਸ ਦੇ ਪਿਤਾ ਨੇ ਉਸ ਨਾਲ ਕੁੱਟਮਾਰ ਕੀਤੀ। ਥਾਣਾ ਇੰਚਾਰਜ ਨੇ ਦੱਸਿਆ ਕਿ ਘਟਨਾ ਦੀ ਰਿਪੋਰਟ ਦਰਜ ਕਰ ਕੇ ਪੁਲਸ ਨੇ ਨਜਵਾਨ ਅਤੇ ਉਸ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।