ਯੂ. ਪੀ.-ਦਿੱਲੀ ’ਚ ਗਠਜੋੜ ਲਈ ਸੋਨੀਆ ਖੇਮਾ ਫਿਰ ਸਰਗਰਮ
Tuesday, Mar 12, 2019 - 06:22 AM (IST)

ਨਵੀਂ ਦਿੱਲੀ, (ਹਿ.)- ਕਾਂਗਰਸ ਵਿਚ ਸੀਨੀਅਰ ਨੇਤਾ ਸੋਨੀਆ ਗਾਂਧੀ ਦਾ ਖੇਮਾ ਯੂ. ਪੀ. ਅਤੇ ਦਿੱਲੀ ਵਿਚ ਖੇਤਰੀ ਪਾਰਟੀਆਂ ਨਾਲ ਗਠਜੋੜ ਲਈ ਫਿਰ ਸਰਗਰਮ ਹੋ ਗਿਆ ਹੈ। ਇਸ ਖੇਮੇ ਦੀ ਦਲੀਲ ਹੈ ਕਿ ਅਜੇ ਸਭ ਤੋਂ ਵੱਡੀ ਪਹਿਲ ਮੋਦੀ ਸਰਕਾਰ ਦੀ ਵਿਦਾਈ ਹੈ ਅਤੇ ਇਸ ਦੇ ਲਈ ਉਨ੍ਹਾਂ ਸੂਬਿਆਂ ਵਿਚ ਗਠਜੋੜ ਦਾ ਅਧਿਆਏ ਫਿਰ ਤੋਂ ਖੋਲ੍ਹਿਆ ਜਾਵੇ ਜਿਥੋਂ ਇਸ ਨੂੰ ਬੰਨ੍ਹ ਮੰਨ ਲਿਆ ਗਿਆ ਹੈ।
ਇਸ ਕ੍ਰਮ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਗਠਜੋੜ ਦਾ ਸਵਰੂਪ ਦੁਬਾਰਾ ਤੋਂ ਤੈਅ ਕੀਤਾ ਜਾ ਸਕਦਾ ਹੈ। ਜੇ ਕਿਸੇ ਸੂਬੇ ਵਿਚ ਇਹ ਸੰਭਵ ਨਹੀਂ ਹੋ ਰਿਹਾ ਹੋਵੇ ਤਾਂ ਦੋਸਤਾਨਾ ਮੁਕਾਬਲੇ ਦੀ ਪ੍ਰਕਿਰਿਆ ਵੱਲ ਵਧਿਆ ਜਾਵੇ।
ਦੱਸਿਆ ਜਾ ਰਿਹਾ ਹੈ ਕਿ ਅਹਿਮਦ ਪਟੇਲ, ਗੁਲਾਮ ਨਬੀ ਆਜ਼ਾਦ ਵਰਗੇ ਕਈ ਸੀਨੀਅਰ ਨੇਤਾ ਇਸ ਗੱਲ ਦੇ ਪੱਖ ਵਿਚ ਹਨ ਕਿ ਇਕ ਰਵਾਇਤੀ ਗਠਜੋੜ ਕੀਤਾ ਜਾਵੇ ਜੋ ਦਾਂ ਪੱਖਾਂ ਨੂੰ ਮਨਜ਼ੂਰ ਹੋਵੇ। ਖਬਰ ਤਾਂ ਇਹ ਵੀ ਹੈ ਕਿ ਯੂ. ਪੀ. ਨੂੰ ਲੈ ਕੇ ਉਨ੍ਹਾਂ ਨੇ ਸਪਾ ਨੇਤਾਵਾਂ ਨਾਲ ਫਿਰ ਤੋਂ ਨਵੇਂ ਸਿਰੇ ਤੋਂ ਗੱਲਬਾਤ ਸ਼ੁਰੂ ਵੀ ਕੀਤੀ ਹੈ। ਸ਼ੁੱਕਰਵਾਰ ਨੂੰ ਕਾਂਗਰਸ ਅੰਦਰ ਇਹ ਚਰਚਾ ਕਾਫੀ ਗਰਮ ਰਹੀ ਕਿ ਕਾਂਗਰਸ ਵਿਚ ਜ਼ਿਆਦਾ ਪੁਰਾਣੇ ਨੇਤਾ ਯੂ. ਪੀ. ਵਿਚ ਗਠਜੋੜ ਚਾਹੁੰਦੇ ਹਨ। ਇਨ੍ਹਾਂ ਵਿਚੋਂ ਕੁਝ ਨੇਤਾ ਕਾਂਗਰਸ ਦੇ ਚੋਣ ਪ੍ਰਬੰਧਨ ਦੀ ਟੀਮ ਵਿਚ ਵੀ ਸ਼ਾਮਲ ਹਨ। ਯੂ. ਪੀ. ਵਿਚ ਮੁਖੀ ਅਤੇ ਟਿਕਟ ਵੰਡ ਦੀ ਭੂਮਿਕਾ ਵਿਚ ਰਹਿ ਚੁੱਕੇ ਨੇਤਾ ਕਹਿੰਦੇ ਹਨ ਕਿ ਜ਼ਿਆਦਾਤਰ 22 ਤੋਂ ਸ਼ੁਰੂ ਹੋ ਕੇ 12-15 ਸੀਟਾਂ ’ਤੇ ਵੀ ਗਠਜੋੜ ਕੀਤਾ ਜਾ ਸਕਦਾ ਹੈ। ਇਨ੍ਹਾਂ ਨੇਤਾਵਾਂ ਦਾ ਕਹਿਣਾ ਹੈ ਕਿ ਕਾਂਗਰਸ ਦੀ ਪਹਿਲੀ ਪਹਿਲ ਭਾਜਪਾ ਨੂੰ ਯੂ. ਪੀ. ਵਿਚ 20 ਸੀਟਾਂ ਤੋਂ ਹੇਠਾਂ ਰੋਕਣ ਦੀ ਹੋਣੀ ਚਾਹੀਦੀ ਹੈ ਕਿਉਂਕਿ ਉਸੇ ਤੋਂ ਨਵੀਂ ਸਰਕਾਰ ਦੀ ਤਸਵੀਰ ਸਾਫ ਹੋਵੇਗੀ। ਇਸ ਕ੍ਰਮ ਵਿਚ ਸੀਨੀਅਰ ਨੇਤਾ ਕਾਂਗਰਸ ਦੀ ਇਕ ਦਿਨ ਪਹਿਲਾਂ ਐਲਾਨੀ 11 ਉਮੀਦਵਾਰਾਂ ਦੀ ਸੂਚੀ ਤੋਂ ਕੁਝ ਉਮੀਦਵਾਰ ਵਾਪਸ ਲੈਣ ਦੀ ਵੀ ਗੱਲ ਕਰ ਰਹੇ ਹਨ। ਸਭ ਤੋਂ ਦਿਲਚਸਪ ਕਹਾਣੀ ਦਿੱਲੀ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਜਨਤਕ ਰੂਪ ਤੋਂ ਕੀਤੀ ਗਈ ਇਹ ਟਿੱਪਣੀ ਕਿ ‘ਆਪ’ ਸਮਝੌਤਾ ਨਹੀਂ ਹੋਵੇਗਾ, ਸੀਨੀਅਰ ਨੇਤਾਵਾਂ ਨੂੰ ਸਿਆਸੀ ਰੂਪ ਨਾਲ ਉਚਿਤ ਨਹੀਂ ਲੱਗੀ ਹੈ। ਸੀਨੀਅਰ ਨੇਤਾਵਾਂ ਦਾ ਕਹਿਣਾ ਹੈ ਕਿ ਜੇ ‘ਆਪ’ ਨਾਲ ਨਾ ਵੀ ਜਾਣਾ ਹੈ ਤਾਂ ਵੀ ਇਹ ਟਿੱਪਣੀ ਦਿੱਲੀ ਦੇ ਸਥਾਨਕ ਨੇਤਾਵਾਂ ਤਕ ਹੀ ਸੀਮਤ ਰਹਿਣੀ ਚਾਹੀਦੀ ਸੀ।
ਦੱਸਿਆ ਜਾ ਰਿਹਾ ਹੈ ਕਿ ਸੋਨੀਆ ਖੇਮੇ ਦੇ ਨੇਤਾਵਾਂ ਨੇ ਭਾਜਪਾ ਨੂੰ ਰੋਕਣ ਦੀ ਲਈ ਦਿੱਲੀ ਵਿਚ ਗਠਜੋੜ ਦਾ ਅਧਿਆਏ ਫਿਰ ਤੋਂ ਖੋਲ੍ਹਣ ਅਤੇ ਦੋਸਤਾਨਾ ਮੁਕਾਬਲੇ ਜਿਹੇ ਬਦਲਾਂ ’ਤੇ ਵਿਚਾਰ ਕਰਨ ਲਈ ਕਿਹਾ ਹੈ। ਇਸ ਦੇ ਲਈ ਸੰਵਿਧਾਨਕ ਅਹੁਦੇ ’ਤੇ ਰਹਿ ਚੁੱਕੇ ਕਾਂਗਰਸ ਦੇ ਸਾਬਕਾ ਸੀਨੀਅਰ ਨੇਤਾ ਨੇ ਵੀ ਰਾਹੁਲ ਗਾਂਧੀ ਨੂੰ ਸਲਾਹ ਦਿੱਤੀ ਹੈ। ਉਨ੍ਹਾਂ ਦੀ ਸਲਾਹ ਵਿਚ ਸਿਰਫ ਯੂ. ਪੀ., ਦਿੱਲੀ ਹੀ ਸ਼ਾਮਲ ਨਹੀਂ ਹੈ, ਆਂਧਰਾ ਪ੍ਰਦੇਸ਼ ਜਿਹੇ ਰਾਜ ਵੀ ਸ਼ਾਮਲ ਹਨ।
ਸੋਨੀਆ ਗਾਂਧੀ ਦੇ ਖੇਮੇ ਦੇ ਨੇਤਾਵਾਂ ਦੀ ਸਲਾਹ ਰਾਹੁਲ ਕਿੰਨੀ ਮੰਨਣਗੇ, ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਮੰਨਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਕੇਂਦਰੀ ਚੋਣ ਕਮੇਟੀ ਦੀ ਬੈਠਕ ਅਤੇ ਬੁੱਧਵਾਰ ਨੂੰ ਕਾਰਜਕਾਰੀ ਕਮੇਟੀ ਦੀ ਬੈਠਕ ਵਿਚ ਗਠਜੋੜ ਦੇ ਮੁੱਦੇ ’ਤੇ ਚਰਚਾ ਹੋ ਸਕਦੀ ਹੈ।
ਦਿੱਲੀ ਵਿਚ ਕੁਝ ਬੂਥਾਂ 'ਤੇ ਹੋਣਗੀਆਂ ਸਿਰਫ ਔਰਤਾਂ
ਮਹਿਲਾ ਸਸ਼ਕਤੀਕਰਨ ਦਾ ਸੰਦੇਸ਼ ਦੇਣ ਲਈ ਦਿੱਲੀ ਵਿਚ ਪਹਿਲੀ ਵਾਰ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੌਰਾਨ ਕਈ ਬੂਥਾਂ 'ਤੇ ਸਿਰਫ ਮਹਿਲਾ ਕਰਮਚਾਰੀਆਂ ਨੂੰ ਰੱਖਣ ਦੀ ਯੋਜਨਾ ਬਣਾਈ ਹੈ। ਦਿੱਲੀ ਦੇ ਮੁਖ ਚੋਣ ਅਧਿਕਾਰੀ (ਸੀ. ਈ. ਓ.) ਰਣਬੀਰ ਸਿੰਘ ਨੇ ਸੋਮਵਾਰ ਨੂੰ ਦੱਸਿਆ ਕਿ ਇਸ ਮਕਸਦ ਲਈ ਕਮਿਸ਼ਨ ਰਾਸ਼ਟਰੀ ਰਾਜਧਾਨੀ ਵਿਚ ਇਲਾਕਿਆਂ ਦੀ ਪਛਾਣ ਕਰ ਰਿਹਾ ਹੈ। ਉਨ੍ਹਾਂ ਕਿਹਾ, ‘‘ਕੁਝ ਪੋਲਿੰਗ ਬੂਥਾਂ ਦਾ ਸੰਚਾਲਨ ਪੂਰੀ ਤਰ੍ਹਾਂ ਔਰਤਾਂ ਕਰਨਗੀਆਂ। ਇਸ ਕਦਮ ਦਾ ਮਕਸਦ ਉਨ੍ਹਾਂ ਦੀਆਂ ਸਮਰਥਾਵਾਂ ਦਾ ਪ੍ਰਦਰਸ਼ਨ ਕਰਨਾ ਹੈ ਅਤੇ ਮਹਿਲਾ ਸਸ਼ਕਤੀਕਰਨ ਦੀ ਭਾਵਨਾ ਪੈਦਾ ਕਰਨਾ ਹੈ।’’