ਮੋਦੀ ਦੇ ਜੀਵਨ ਤੇ ਉਪਲੱਬਧੀਆਂ ''ਤੇ ਆਧਾਰਿਤ ਪ੍ਰਦਰਸ਼ਨੀ, ਯੋਗੀ ਨੇ ਕੀਤਾ ਉਦਘਾਟਨ
Monday, Sep 16, 2019 - 04:46 PM (IST)

ਲਖਨਊ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੋਮਵਾਰ ਨੂੰ ਪੀ. ਐੱਮ. ਨਰਿੰਦਰ ਮੋਦੀ ਦੇ ਜੀਵਨ ਅਤੇ ਉਪਲੱਬਧੀਆਂ 'ਤੇ ਆਧਾਰਿਤ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਮੋਦੀ 'ਚ ਪ੍ਰਧਾਨ ਮੰਤਰੀ ਦੇ ਰੂਪ 'ਚ ਰਾਸ਼ਟਰ ਪ੍ਰਤੀ ਸਮਰਪਣ ਦਾ ਭਾਵ, ਸੰਵੇਦਨਸ਼ੀਲਤਾ ਅਤੇ ਵਚਨਬੱਧਤਾ ਦੇਖਣ ਨੂੰ ਮਿਲਦੀ ਹੈ। ਪ੍ਰਦੇਸ਼ ਭਾਜਪਾ ਹੈੱਡਕੁਆਰਟਰ ਵਿਚ ਲਾਈ ਗਈ ਪ੍ਰਦਰਸ਼ਨੀ 'ਚ ਪ੍ਰਧਾਨ ਮੰਤਰੀ ਦੇ ਬਚਪਨ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤਕ ਦੇ ਸਫਰ ਅਤੇ ਉਨ੍ਹਾਂ ਦੀ ਅਗਵਾਈ 'ਚ ਮਿਲੀ ਇਤਿਹਾਸਕ ਉਪਲੱਬਧੀ ਨੂੰ ਦਰਸਾਇਆ ਗਿਆ ਹੈ।
ਇੱਥੇ ਦੱਸ ਦੇਈਏ ਕਿ ਭਾਜਪਾ ਨੇ ਮੋਦੀ ਦੇ ਜਨਮ ਦਿਨ (17 ਸਤੰਬਰ) ਮੌਕੇ 'ਤੇ 14 ਸਤੰਬਰ ਤੋਂ 20 ਸਤੰਬਰ ਤਕ ਚੱਲਣ ਵਾਲੇ ਸੇਵਾ ਹਫਤੇ ਅਧੀਨ ਇਸ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਹੈ। ਪ੍ਰਦੇਸ਼ ਦੇ ਹੋਰ ਜ਼ਿਲਿਆਂ ਵਿਚ ਵੀ ਮੋਦੀ ਦੇ ਜਨਮ ਦਿਨ ਮੌਕੇ ਅਜਿਹੀਆਂ ਪ੍ਰਦਰਸ਼ਨੀਆਂ ਲਾਈਆਂ ਜਾਣਗੀਆਂ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਨੇ ਜੀਵਨ ਦੇ ਵੱਖ-ਵੱਖ ਪੱਖਾਂ ਨੂੰ ਜਿਸ ਸੰਵੇਦਨਸ਼ੀਲ ਢੰਗ ਨਾਲ ਅੱਗੇ ਵਧਾਇਆ ਹੈ, ਪੂਰਾ ਦੇਸ਼ ਅਤੇ ਪੂਰੀ ਦੁਨੀਆ ਹੈਰਾਨੀ ਭਰੀਆਂ ਨਜ਼ਰਾਂ ਨਾਲ ਉਨ੍ਹਾਂ ਨੂੰ ਦੇਖਦੀ ਹੈ।