ਯੋਗੀ ਅਜੇ ਬਣੇ ਰਹਿ ਸਕਦੇ ਹਨ, ਭਾਜਪਾ ਲੱਭ ਰਹੀ ਹੈ ਜਿੱਤ ਦਾ ਫਾਰਮੂਲਾ

Tuesday, Jul 30, 2024 - 06:12 PM (IST)

ਨੈਸ਼ਨਲ ਡੈਸਕ- ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਅਤੇ ਬ੍ਰਜੇਸ਼ ਪਾਠਕ ਵਿਚਾਲੇ ਚੱਲ ਰਹੀ ਜੰਗ ਤੋਂ ਬਾਅਦ ਆਖਰਕਾਰ ਭਾਜਪਾ ਹਾਈਕਮਾਨ ਨੇ ਯੂ. ਪੀ. ਵਿਚ ਆਪਸ ਵਿਚ ਭਿੜੇ ਧੜਿਆਂ ਦਰਮਿਆਨ ਸ਼ਾਂਤੀ ਸਥਾਪਤ ਕਰਨ ਲਈ ਕਦਮ ਚੁੱਕੇ ਗਏ ਹਨ।

ਪਤਾ ਲੱਗਾ ਹੈ ਕਿ ਮੌਰਿਆ ਨੂੰ ਅਸਿੱਧੇ ਤੌਰ ’ਤੇ ਹੀ ਸਹੀ, ਇਹ ਦੱਸਿਆ ਗਿਆ ਘੱਟੋ-ਘੱਟ ਅਜੇ ਤਾਂ ਮੁੱਖ ਮੰਤਰੀ ਨੂੰ ਬਦਲਣ ਦੀ ਕੋਈ ਯੋਜਨਾ ਨਹੀਂ ਹੈ ਅਤੇ ਉਨ੍ਹਾਂ ਨੂੰ ਅਜਿਹਾ ਕੁਝ ਵੀ ਕਰਨ ਤੋਂ ਬਚਣਾ ਚਾਹੀਦਾ ਹੈ ਜਿਸ ਨਾਲ ਭਾਜਪਾ ਦਾ ਅਕਸ ਖਰਾਬ ਨਾ ਹੋਵੇ। ਮੌਰਿਆ ਖੁੱਲ੍ਹ ਕੇ ਕਹਿ ਰਹੇ ਸਨ ਕਿ ਜਥੇਬੰਦੀ ਵੱਡੀ ਹੈ ਜਦਕਿ ਪਾਠਕ ਨੇ ਕੁਝ ਨਹੀਂ ਕਿਹਾ। ਪਰ ਦੋਵੇਂ ਉਪ ਮੁੱਖ ਮੰਤਰੀ ਆਪੋ-ਆਪਣੇ ਖੇਤਰਾਂ ਵਿਚ ਜਥੇਬੰਦਕ ਮਾਮਲਿਆਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਬੁਲਾਈਆਂ ਗਈਆਂ ਮੀਟਿੰਗਾਂ ਤੋਂ ਦੂਰ ਰਹੇ, ਜਿੱਥੇ ਦੋ ਸੀਟਾਂ ਲਈ ਜ਼ਿਮਨੀ ਚੋਣਾਂ ਹੋਣੀਆਂ ਹਨ।

ਪਾਰਟੀ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਦਲਿਤਾਂ ਅਤੇ ਓ. ਬੀ. ਸੀ. ਨੇ ਲੋਕ ਸਭਾ ਚੋਣਾਂ ’ਚ ਪਾਰਟੀ ਨੂੰ ਪੂਰਾ ਸਮਰਥਨ ਨਹੀਂ ਦਿੱਤਾ ਅਤੇ ਜਿੱਤ ਲਈ ਰਣਨੀਤੀ ਬਣਾਉਣ ’ਚ ਸਮਾਂ ਲੱਗੇਗਾ। ਚਿੰਤਾ ਇਸ ਗੱਲ ਦੀ ਹੈ ਕਿ ਅਜਿਹਾ ਤੁਰੰਤ ਕੀਤਾ ਜਾਵੇ ਜਾਂ 10 ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਤੋਂ ਬਾਅਦ।

ਪਰ ਦੋਵਾਂ ਉਪ ਮੁੱਖ ਮੰਤਰੀਆਂ ਨੂੰ ਕਿਹਾ ਗਿਆ ਕਿ ਯੂ. ਪੀ. ਵਿਚ ਸੀ. ਐੱਮ. ਨੂੰ ਬਦਲਣ ਦੀ ਕੋਈ ਤੁਰੰਤ ਯੋਜਨਾ ਨਹੀਂ ਹੈ। ਮੌਰਿਆ ਅਤੇ ਬ੍ਰਜੇਸ਼ ਪਾਠਕ ਨੇ ਹਾਲ ਹੀ ਵਿਚ ਮੀਡੀਆ ਦਾ ਬਹੁਤ ਧਿਆਨ ਖਿੱਚਿਆ ਸੀ ਅਤੇ ਇਸਨੂੰ ਯੂ. ਪੀ. ਭਾਜਪਾ ਅਤੇ ਸਰਕਾਰ ਦਰਮਿਆਨ ਤਣਾਅ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਸੀ।

ਇਸੇ ਤਰ੍ਹਾਂ ਬ੍ਰਜੇਸ਼ ਪਾਠਕ ਵਲੋਂ ਐੱਨ. ਡੀ. ਏ. ਦੇ ਕੁਝ ਸਹਿਯੋਗੀਆਂ ਅਤੇ ਹੋਰ ਆਗੂਆਂ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਨੇ ਵੀ ਅਟਕਲਾਂ ਨੂੰ ਹੋਰ ਤੇਜ਼ ਕੀਤਾ ਹੈ।

ਪਿਛਲੇ ਹਫ਼ਤੇ ਯੋਗੀ ਨੇ ਜਨਰਲ ਸਕੱਤਰ (ਸੰਗਠਨ) ਬੀ. ਐੱਲ. ਸੰਤੋਸ਼ ਨਾਲ ਮੁਲਾਕਾਤ ਕੀਤੀ, ਜਿਥੇ ਯੋਗੀ ਨੇ ਉਨ੍ਹਾਂ ਨੂੰ ਸਿਆਸੀ ਸਥਿਤੀ ਤੋਂ ਜਾਣੂ ਕਰਵਾਇਆ। ਮੌਰਿਆ ਦੇ ਵਿਚਾਰਾਂ ਦੇ ਜਵਾਬ ਵਿਚ ਯੋਗੀ ਨੇ ਇਕ ਵੀ ਸ਼ਬਦ ਨਹੀਂ ਕਿਹਾ। ਬਾਅਦ ਵਿਚ ਨੀਤੀ ਆਯੋਗ ਦੀ ਮੀਟਿੰਗ ਦੌਰਾਨ ਯੋਗੀ ਨੇ ਪ੍ਰਧਾਨ ਮੰਤਰੀ ਨਾਲ ਇਕ ਬਹੁਤ ਹੀ ਸੰਖੇਪ ਮੀਟਿੰਗ ਕੀਤੀ ਜਿਸ ਦਾ ਨਤੀਜਾ ਆਉਣ ਵਾਲੇ ਹਫ਼ਤਿਆਂ ਵਿਚ ਪਤਾ ਲੱਗ ਜਾਏਗਾ।


Rakesh

Content Editor

Related News