CM ਯੋਗੀ ਨੇ ''ਮਰੀਚ'' ਨਾਲ ਕੀਤੀ ਦਿਸ਼ਾ ਪਟਾਨੀ ਦੇ ਘਰ ''ਤੇ ਗੋਲੀਬਾਰੀ ਕਰਨ ਵਾਲੇ ਸ਼ੂਟਰ ਦੀ ਤੁਲਨਾ
Saturday, Sep 20, 2025 - 03:03 PM (IST)

ਲਖਨਊ (ਏਜੰਸੀ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ਨੀਵਾਰ ਨੂੰ ਅਦਾਕਾਰਾ ਦਿਸ਼ਾ ਪਟਾਨੀ ਦੇ ਬਰੇਲੀ ਸਥਿਤ ਘਰ 'ਤੇ ਗੋਲੀਬਾਰੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਸ਼ੂਟਰ ਦੀ ਤੁਲਨਾ ਰਾਕਸ਼ਸ 'ਮਰੀਚ' ਨਾਲ ਕੀਤੀ। ਲਖਨਊ ਦੇ ਲੋਕ ਭਵਨ ਵਿਖੇ ਇੱਕ ਸਮਾਗਮ ਵਿੱਚ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ, "ਕੱਲ੍ਹ ਤੁਸੀਂ ਦੇਖਿਆ ਕਿ ਔਰਤਾਂ ਵਿਰੁੱਧ ਅਪਰਾਧਾਂ ਵਿੱਚ ਸ਼ਾਮਲ ਇੱਕ ਅਪਰਾਧੀ ਬਾਹਰੋਂ (ਰਾਜ ਤੋਂ ਬਾਹਰ) ਆਇਆ ਸੀ। ਉਹ ਸ਼ਾਇਦ 'ਮਰੀਚ' (ਭੇਸ ਬਦਲਣ ਵਿੱਚ ਮਾਹਰ ਰਾਕਸ਼ਸ) ਵਾਂਗ ਦਾਖਲ ਹੋਇਆ ਸੀ। ਪਰ ਜਦੋਂ ਉਸਨੂੰ ਉੱਤਰ ਪ੍ਰਦੇਸ਼ ਪੁਲਸ ਨੇ ਗੋਲੀ ਮਾਰ ਦਿੱਤੀ, ਤਾਂ ਉਹ ਚੀਕ ਰਿਹਾ ਸੀ ਕਿ ਉਹ ਗਲਤੀ ਨਾਲ ਉੱਤਰ ਪ੍ਰਦੇਸ਼ ਵਿੱਚ ਦਾਖਲ ਹੋ ਗਿਆ ਅਤੇ ਦੁਬਾਰਾ ਕਦੇ ਵੀ ਅਜਿਹਾ ਕਰਨ ਦੀ ਹਿੰਮਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਇਹੀ ਅੰਜ਼ਾਮ ਹਰ ਉਸ ਅਪਰਾਧੀ ਦਾ ਹੋਵੇਗਾ, ਜੋ ਕਾਨੂੰਨ ਤੋੜਨ ਦੀ ਕੋਸ਼ਿਸ਼ ਕਰੋਗਾ।
ਮੁੱਖ ਮੰਤਰੀ ਨੇ ਕਿਹਾ, "ਹਰ ਅਪਰਾਧੀ ਜੋ ਔਰਤਾਂ ਦੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜੋ ਉਨ੍ਹਾਂ ਦੀ ਇੱਜ਼ਤ ਅਤੇ ਸਵੈ-ਨਿਰਭਰਤਾ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਉਸਨੂੰ ਵੀ ਅਜਿਹਾ ਹੀ ਕਰਨਾ ਪਵੇਗਾ (ਰਾਜ ਛੱਡਣਾ ਪਵੇਗਾ)।" ਬਰੇਲੀ ਪੁਲਸ ਦੇ ਅਨੁਸਾਰ, ਫਿਲਮ ਅਦਾਕਾਰਾ ਦਿਸ਼ਾ ਪਟਾਨੀ ਦੇ ਬਰੇਲੀ ਵਿੱਚ ਜੱਦੀ ਘਰ 'ਤੇ ਗੋਲੀਬਾਰੀ ਕਰਨ ਵਾਲੇ 5 ਸ਼ੂਟਰਾਂ ਵਿੱਚੋਂ ਇੱਕ ਦੋਸ਼ੀ ਰਾਮਨਿਵਾਸ ਨੂੰ ਸ਼ੁੱਕਰਵਾਰ ਨੂੰ ਮੁਕਾਬਲੇ ਤੋਂ ਬਾਅਦ ਉਸਦੇ ਸਾਥੀ ਅਨਿਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ।
ਸੀਨੀਅਰ ਸੁਪਰਡੈਂਟ ਆਫ਼ ਪੁਲਸ (ਐੱਸ.ਐੱਸ.ਪੀ.) ਅਨੁਰਾਗ ਆਰੀਆ ਨੇ ਕਿਹਾ ਕਿ ਇਹ ਮੁਕਾਬਲਾ ਬਰੇਲੀ ਵਿੱਚ ਹੋਇਆ ਸੀ, ਜਿਸ ਵਿੱਚ ਦੋਸ਼ੀ ਰਾਮਨਿਵਾਸ ਦੀ ਲੱਤ ਵਿੱਚ ਗੋਲੀ ਲੱਗੀ ਸੀ। ਘਟਨਾ ਦੇ ਇੱਕ ਵਾਇਰਲ ਵੀਡੀਓ ਵਿੱਚ, ਰਾਮਨਿਵਾਸ ਹੱਥ ਜੋੜ ਕੇ ਜ਼ਮੀਨ 'ਤੇ ਪਿਆ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਕਹਿੰਦਾ ਹੈ, "ਸਰ, ਮੈਂ ਕਦੇ ਵੀ ਯੂਪੀ ਨਹੀਂ ਆਵਾਂਗਾ।" ਪੁਲਸ ਨੇ ਮੁਲਜ਼ਮ ਤੋਂ ਇੱਕ 32 ਬੋਰ ਦੀ ਪਿਸਤੌਲ, ਚਾਰ ਕਾਰਤੂਸ ਅਤੇ ਚਾਰ ਖਾਲੀ ਖੋਲ ਬਰਾਮਦ ਕੀਤੇ। ਆਰੀਆ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਰਾਮਨਿਵਾਸ ਨੇ ਗੋਲੀਬਾਰੀ ਵਿੱਚ ਆਪਣੀ ਸ਼ਮੂਲੀਅਤ ਕਬੂਲ ਕੀਤੀ ਅਤੇ ਇਹ ਵੀ ਕਿਹਾ ਕਿ ਉਹ ਘਟਨਾ ਤੋਂ ਬਾਅਦ ਫਰਾਰ ਸੀ।