ਯੋਗੀ ਦਾ ਫੋਕਸ ਯੂ. ਪੀ. ’ਤੇ ਜ਼ਿਆਦਾ, ਕਰਨਾਟਕ ’ਚ ਰਿਹਾ ਘੱਟ
Sunday, May 28, 2023 - 04:43 PM (IST)
ਨਵੀਂ ਦਿੱਲੀ- ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਛੋਟੀ ਮੁਹਿੰਮ ਦੀ ਮਿਆਦ ਦੌਰਾਨ 35 ਰੈਲੀਆਂ ਤੇ ਰੋਡ ਸ਼ੋਅ ਕਰਨੇ ਸਨ ਅਤੇ ਚੋਣ ਪ੍ਰਚਾਰ ਲਈ ਕੇਂਦਰੀ ਪਾਰਟੀ ਦਫ਼ਤਰ ਨੂੰ 3-4 ਮਈ ਤੇ 7-10 ਮਈ ਦੀਆਂ 2 ਤਰੀਕਾਂ ਦਾ ਸੰਕੇਤ ਦਿੱਤਾ ਸੀ ਜਦੋਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਰੈਲੀਆਂ ਤੇ 14 ਪ੍ਰੋਗਰਾਮਾਂ ਨਾਲ ਇਕ ਸੁਪਰ ਸਟਾਰ ਪ੍ਰਚਾਰਕ ਸਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 23 ਰੈਲੀਆਂ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ 11 ਅਤੇ ਯੋਗੀ ਨੇ ਸਿਰਫ 9 ਰੈਲੀਆਂ ਕੀਤੀਆਂ।
ਚੋਣ ਪ੍ਰਚਾਰ ਦੌਰਾਨ ਕਿਤੇ ਨਾ ਕਿਤੇ ਯੋਗੀ ਨੇ ਮਹਿਸੂਸ ਕੀਤਾ ਕਿ ਪਾਰਟੀ ਪ੍ਰਬੰਧਕਾਂ ਨੇ ਸਭ ਤੋਂ ਮੁਸ਼ਕਲ ਸੀਟਾਂ ਦੀ ਚੋਣ ਕੀਤੀ ਹੈ ਜਿਨ੍ਹਾਂ ਨੂੰ ਭਾਜਪਾ ਨੇ ਕਦੇ ਨਹੀਂ ਜਿੱਤਿਆ ਸੀ। ਭਾਜਪਾ ਸਰਕਾਰ ਖਿਲਾਫ ਭਾਰੀ ਸੱਤਾ ਵਿਰੋਧੀ ਲਹਿਰ ਨੂੰ ਵੇਖਦੇ ਹੋਏ ਪਾਰਟੀ ਨੂੰ ਉਨ੍ਹਾਂ ਸੀਟਾਂ ਦੀ ਚੋਣ ਕਰਨੀ ਚਾਹੀਦੀ ਸੀ ਜੋ ਆਸਾਨੀ ਨਾਲ ਜਿੱਤੀਆਂ ਜਾ ਸਕਦੀਆਂ ਸਨ। ਇਸ ਲਈ ਉਨ੍ਹਾਂ ਕਰਨਾਟਕ ਦੀਆਂ ਆਪਣੀਆਂ ਯਾਤਰਾਵਾਂ ਹੌਲੀ ਕਰ ਦਿੱਤੀਆਂ ਅਤੇ ਤੈਅ 35 ਰੈਲੀਆਂ ਦੀ ਬਜਾਏ ਸਿਰਫ 9 ਰੈਲੀਆਂ ਨਾਲ ਆਪਣੀ ਮੁਹਿੰਮ ਨੂੰ ਰੋਕ ਦਿੱਤਾ।
ਯੋਗੀ ਨੇ ਆਪਣੇ ਸੂਬੇ ਵਿਚ ਲੋਕਲ ਬਾਡੀ ਚੋਣਾਂ ਵੱਲ ਧਿਆਨ ਦੇਣ ਦਾ ਫੈਸਲਾ ਕੀਤਾ ਅਤੇ ਭਾਜਪਾ ਨੂੰ ਉੱਤਰ ਪ੍ਰਦੇਸ਼ ਵਿਚ ਸਾਰੀਆਂ ਸ਼ਹਿਰੀ ਲੋਕਲ ਬਾਡੀ ਚੋਣਾਂ ਵਿਚ ਜਿੱਤ ਦਾ ਤੋਹਫਾ ਦਿੱਤਾ, ਜੋ ਪਹਿਲਾਂ ਕਦੇ ਨਹੀਂ ਵੇਖਿਆ ਗਿਆ। ਕਾਂਗਰਸ ਨੇ ਕਰਨਾਟਕ ਵਿਚ ਭਾਜਪਾ ਦੀ ਹਾਰ ਦਾ ਜਸ਼ਨ ਮਨਾਇਆ, ਜਦੋਂਕਿ ਸੱਤਾਧਾਰੀ ਪਾਰਟੀ ਨੇ ਯੂ. ਪੀ. ਦੀ ਇਤਿਹਾਸਕ ਜਿੱਤ ਦਾ ਜਸ਼ਨ ਮਨਾਇਆ। ਮੋਦੀ ਨੇ ਵੱਡੀ ਜਿੱਤ ’ਤੇ ਯੋਗੀ ਨੂੰ ਵਧਾਈ ਦੇਣ ਲਈ ਟਵੀਟ ਵੀ ਕੀਤਾ।