ਮਨੁੱਖਤਾ ਨੂੰ ਭਾਰਤ ਦਾ ਵਿਲੱਖਣ ਤੋਹਫ਼ਾ ਹੈ ਯੋਗ: ਰਾਸ਼ਟਰਪਤੀ ਮੁਰਮੂ
Friday, Jun 21, 2024 - 11:12 AM (IST)
ਨਵੀਂ ਦਿੱਲੀ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯੋਗ, ਮਨੁੱਖਤਾ ਨੂੰ ਭਾਰਤ ਦਾ ਵਿਲੱਖਣ ਤੋਹਫ਼ਾ ਹੈ। ਨਾਲ ਹੀ ਅੱਜ ਦੇ ਸਮੇਂ ਵਿਚ ਰੋਜ਼ਾਨਾ ਦੀ ਜ਼ਿੰਦਗੀ ਨਾਲ ਜੁੜੀਆਂ ਸਮੱਸਿਆਵਾਂ ਵਿਚ ਵਾਧੇ ਦੇ ਕਾਰਨ ਇਹ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ। ਮੁਰਮੂ ਨੇ ਰਾਸ਼ਟਰਪਤੀ ਸਕੱਤਰੇਤ ਦੇ ਹੋਰ ਅਧਿਕਾਰੀਆਂ ਨਾਲ ਇੱਥੇ ਰਾਸ਼ਟਰਪਤੀ ਭਵਨ ਵਿਚ ਯੋਗ ਕੀਤਾ। ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਕੌਮਾਂਤਰੀ ਯੋਗ ਦਿਵਸ 'ਤੇ ਪੂਰੇ ਵਿਸ਼ਵ ਭਾਈਚਾਰੇ ਖਾਸ ਕਰਕੇ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ!
ਮੁਰਮੂ ਨੇ ਯੋਗ ਕਰਦਿਆਂ ਆਪਣੀਆਂ ਕੁਝ ਤਸਵੀਰਾਂ ਨੂੰ 'ਐਕਸ' 'ਤੇ ਪੋਸਟ ਕਰ ਕੇ ਕਿਹਾ ਕਿ ਯੋਗ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਰੂਪ ਨਾਲ ਸਿਹਤਮੰਦ ਰਹਿਣ ਦਾ ਤਰੀਕਾ ਹੈ। ਆਓ ਅਸੀਂ ਯੋਗ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਸੰਕਲਪ ਕਰੀਏ। ਕੌਮਾਂਤਰੀ ਯੋਗ ਦਿਵਸ ਹਰ ਸਾਲ 21 ਜੂਨ ਨੂੰ ਮਨਾਇਆ ਜਾਂਦਾ ਹੈ।