''ਯੋਗ'' ਨੂੰ ਵਧਾਵਾ ਦੇਣ ਲਈ ਇਨ੍ਹਾਂ ਸੰਸਥਾਵਾਂ ਤੇ ਵਿਅਕਤੀਆਂ ਨੂੰ ਮਿਲੇਗਾ ਐਵਾਰਡ

06/21/2019 7:25:56 PM

ਰਾਂਚੀ : ਪੂਰੀ ਦੁਨੀਆ ਤੇ ਦੇਸ਼ 'ਚ ਯੋਗ ਨੂੰ ਵਧਾਉਣ 'ਚ ਖਾਸ ਭੂਮਿਕਾ ਨਿਭਾਉਣ ਲਈ ਸਰਕਾਰ ਨੇ ਚਾਰ ਸੰਸਥਾਵਾਂ ਤੇ ਵਿਅਕਤੀਆਂ ਨੂੰ 25-25 ਲੱਖ ਰੁਪਏ ਦਾ ਪ੍ਰਧਾਨ ਮੰਤਰੀ ਐਵਾਰਡ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਕਤ ਲੋਕਾਂ ਨੂੰ ਵਧਾਈ ਦਿੱਤੀ ਤੇ ਇਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਕੇਂਦਰੀ ਆਯੂਸ਼ ਰਾਜ ਮੰਤਰੀ ਯੇਸੋ ਨਾਈਕ ਨੇ ਇਥੇ ਐਲਾਨ ਕੀਤਾ ਕਿ 'ਵਿਅਕਤੀਗਤ ਵਰਗ' 'ਚ ਭਾਰਤ 'ਚ ਯੋਗ ਦੇ ਪ੍ਰਚਾਰ ਪ੍ਰਸਾਰ 'ਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਗੁਜਰਾਤ ਦੇ ਸਵਾਮੀ ਰਾਜਰਿਸ਼ੀ ਮੁਨੀ ਤੇ 'ਅੰਤਰਰਾਸ਼ਟਰੀ ਪੱਧਰ' 'ਤੇ ਯੋਗ ਨੂੰ ਪਹੁੰਚਾਉਣ ਲਈ ਇਟਲੀ ਦੀ ਨਾਗਰਿਕ ਏਂਟੋਈਨੇਟਾ ਰੋਜੀ ਨੂੰ ਇਸ ਸਾਲ ਦਾ ਪ੍ਰਧਾਨ ਮੰਤਰੀ ਯੋਗ ਪੁਰਸਕਾਰ ਦਿੱਤਾ ਜਾਵੇਗਾ। ਇਸੇ ਤਰ੍ਹਾਂ 'ਸੰਸਥਾਗਤ ਵਰਗ' 'ਚ ਦੇਸ਼ 'ਚ ਯੋਗ ਦੇ ਪ੍ਰਚਾਰ ਪ੍ਰਸਾਰ 'ਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਬਿਹਾਰ 'ਚ ਮੁੰਗੇਰ ਦੇ ਬਿਹਾਰ ਯੋਗ ਵਿਦਿਆਲੇ (ਬਿਹਾਰ ਸਕੂਲ ਆਫ ਯੋਗ) ਤੇ ਅੰਤਰਰਾਸ਼ਟਰੀ ਪੱਧਰ 'ਤੇ ਯੋਗ ਨੂੰ ਪਹੁੰਚਾਉਣ ਲਈ ਜਾਪਾਨ ਦੇ ਯੋਗ ਨਿਕੇਤਨ ਨੂੰ ਇਹ ਐਵਾਰਡ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਅੱਜ ਸ਼ੁੱਕਰਵਾਰ ਨੂੰ ਇਥੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੁੱਖ ਆਯੋਜਨ 'ਚ ਇਨ੍ਹਾਂ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਥੀਓ ਅੱਜ ਦੇ ਇਸ ਮੌਕੇ 'ਤੇ ਯੋਗ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਦੇ ਐਵਾਰਡ ਲਈ ਇਸ ਸਾਲ ਜਿਨ੍ਹਾਂ ਲੋਕਾਂ ਤੇ ਸੰਸਥਾਵਾਂ ਦੇ ਨਾਮ ਦਾ ਐਲਾਨ ਸਾਡੇ ਮੰਤਰੀ ਨੇ ਕੀਤਾ ਹੈ। ਉਸ ਦਾ ਫੈਸਲਾ ਇਕ ਜਿਊਰੀ ਨੇ ਕੀਤਾ ਹੈ ਤੇ ਪੂਰੀ ਦੁਨੀਆ 'ਚ ਮਸ਼ੱਕਤ ਕਰਕੇ ਇਨ੍ਹਾਂ ਲੋਕਾਂ ਨੂੰ ਲੱਭਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਾਥੀਆਂ ਨੂੰ ਇਹ ਐਵਾਰਡ ਮਿਲਿਆ ਹੈ, ਉਨ੍ਹਾਂ ਦੀ ਤਪੱਸਿਆ ਤੇ ਯੋਗ ਦੇ ਪ੍ਰਤੀ ਉਨ੍ਹਾਂ ਦੇ ਸਮਰਪਣ ਦੀ ਮੈਂ ਸ਼ਲਾਘਾ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ ਕਿ ਅੱਜ ਅਸੀਂ ਇਹ ਕਹਿ ਸਕਦੇ ਹਾਂ ਕਿ ਭਾਰਤ 'ਚ ਯੋਗ ਦੇ ਪ੍ਰਤੀ ਜਾਗਰੂਕਤਾ ਹਰ ਕੋਨੇ ਤਕ, ਹਰ ਵਰਗ ਤਕ ਪਹੁੰਚੀ ਹੈ।


Related News