Year Ender ; ਭਿਆਨਕ ਜੰਗਾਂ ਦੇ ਨਾਂ ਰਿਹਾ ਸਾਲ 2025 ! ਕਈ ਖ਼ਤਮ, ਕਈ ਹਾਲੇ ਵੀ ਜਾਰੀ
Wednesday, Dec 31, 2025 - 01:50 PM (IST)
ਇੰਟਰਨੈਸ਼ਨਲ ਡੈਸਕ- ਸਾਲ 2025 ਵਿਸ਼ਵ ਪੱਧਰ 'ਤੇ ਭਿਆਨਕ ਜੰਗਾਂ ਅਤੇ ਹਜ਼ਾਰਾਂ ਲੋਕਾਂ ਦੀ ਜਾਨ ਲੈਣ ਵਾਲਾ ਸਾਲ ਰਿਹਾ ਹੈ। ਇਸ ਸਾਲ ਨਾ ਸਿਰਫ਼ ਪਿਛਲੇ ਲੰਬੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਜੰਗਾਂ ਜਾਰੀ ਰਹੀਆਂ, ਸਗੋਂ ਕਈ ਨਵੀਂਆਂ ਜੰਗਾਂ ਵੀ ਸ਼ੁਰੂ ਹੋਈਆਂ, ਜਿਨ੍ਹਾਂ 'ਚੋਂ ਭਾਰਤ-ਪਾਕਿ ਦੀ ਜੰਗ ਸਭ ਤੋਂ ਅਹਿਮ ਰਹੀ। ਜੇਕਰ ਇਹ ਜੰਗਾਂ ਸਮੇਂ ਸਿਰ ਨਾ ਰੁਕਦੀਆਂ ਤਾਂ ਹਜ਼ਾਰਾਂ ਜਾਨਾਂ ਦਾ ਨੁਕਸਾਨ ਝੱਲਣਾ ਪੈ ਸਕਦਾ ਸੀ।
* ਭਾਰਤ-ਪਾਕਿਸਤਾਨ
22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ 'ਚ 26 ਹਿੰਦੂ ਸੈਲਾਨੀਆਂ ਨੂੰ ਧਰਮ ਪੁੱਛ ਕੇ ਮਾਰ ਦਿੱਤਾ ਗਿਆ ਸੀ। ਇਸ ਹਮਲੇ ਦੇ ਜਵਾਬ 'ਚ ਭਾਰਤ ਨੇ ਆਪਰੇਸ਼ਨ ਸਿੰਦੂਰ ਤਹਿਤ ਕਾਰਵਾਈ ਕੀਤੀ ਸੀ ਤੇ 7 ਮਈ ਨੂੰ ਪਾਕਿਸਤਾਨ 'ਚ ਸਥਿਤ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕੀਤਾ। ਬਾਅਦ ਵਿੱਚ 9-10 ਮਈ ਦੀ ਰਾਤ ਨੂੰ ਭਾਰਤ ਨੇ ਪਾਕਿਸਤਾਨ ਦੇ 11 ਫੌਜੀ ਟਿਕਾਣਿਆਂ ਨੂੰ ਬ੍ਰਹਮੋਸ ਮਿਜ਼ਾਈਲਾਂ ਨਾਲ ਤਬਾਹ ਕਰ ਦਿੱਤਾ। 3 ਦਿਨਾਂ ਤੱਕ ਦੋਵਾਂ ਪਾਸਿਓਂ ਹੋਈ ਫੌਜੀ ਕਰਵਾਈ ਮਗਰੋਂ ਪਾਕਿਸਤਾਨੀ ਫੌਜ ਦੇ ਡੀ.ਜੀ.ਐੱਮ.ਓ. ਦੀ ਅਪੀਲ ਤੋਂ ਬਾਅਦ 10 ਮਈ ਨੂੰ ਜੰਗਬੰਦੀ ਹੋਈ। ਇਸ ਵਿੱਚ ਪਾਕਿਸਤਾਨ ਦੇ 50 ਸੈਨਿਕ ਅਤੇ 40 ਨਾਗਰਿਕ ਮਾਰੇ ਗਏ ਸਨ।

* ਇਜ਼ਰਾਈਲ-ਈਰਾਨ
ਜੂਨ 2025 ਵਿੱਚ ਇਜ਼ਰਾਈਲ ਅਤੇ ਈਰਾਨ ਵਿਚਕਾਰ ਸਿੱਧੀ ਜੰਗ ਸ਼ੁਰੂ ਹੋਈ ਸੀ, ਜੋ 12 ਦਿਨਾਂ ਤੱਕ ਚੱਲੀ। ਇਜ਼ਰਾਈਲ ਨੇ 'ਓਪਰੇਸ਼ਨ ਰਾਈਜ਼ਿੰਗ ਲਾਇਨ' ਤਹਿਤ ਈਰਾਨ ਦੇ ਪਰਮਾਣੂ ਕੇਂਦਰਾਂ (ਨਤਾਂਜ, ਫੋਰਡੋ ਅਤੇ ਇਸਫਾਹਾਨ) 'ਤੇ 200 ਤੋਂ ਵੱਧ ਲੜਾਕੂ ਜਹਾਜ਼ਾਂ ਨਾਲ ਹਮਲਾ ਕੀਤਾ। ਈਰਾਨ ਨੇ ਜਵਾਬ ਵਿੱਚ 550 ਬੈਲਿਸਟਿਕ ਮਿਜ਼ਾਈਲਾਂ ਅਤੇ 1000 ਤੋਂ ਵੱਧ ਡਰੋਨਾਂ ਨਾਲ ਹਮਲਾ ਕੀਤਾ। 22 ਜੂਨ ਨੂੰ ਅਮਰੀਕਾ ਵੀ ਇਸ ਜੰਗ ਵਿੱਚ ਸ਼ਾਮਲ ਹੋ ਗਿਆ ਅਤੇ ਈਰਾਨੀ ਟਿਕਾਣਿਆਂ 'ਤੇ ਬੀ-2 ਬੰਬਾਰਾਂ ਨਾਲ ਹਮਲੇ ਕੀਤੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਿਚੋਲਗੀ 'ਚ 23-24 ਜੂਨ ਨੂੰ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਹੋ ਗਈ। ਇਸ ਜੰਗ ਵਿੱਚ 1200 ਤੋਂ ਵੱਧ ਲੋਕ ਮਾਰੇ ਗਏ ਅਤੇ ਈਰਾਨ ਦਾ ਪਰਮਾਣੂ ਪ੍ਰੋਗਰਾਮ ਵੀ ਕਈ ਪਿੱਛੇ ਚਲਾ ਗਿਆ।

* ਕੰਬੋਡੀਆ-ਥਾਈਲੈਂਡ
ਇਹ ਦੋਵੇਂ ਗੁਆਂਢੀ ਦੇਸ਼ ਵੀ ਜੁਲਾਈ 2025 ਵਿੱਚ ਸਰਹੱਦੀ ਵਿਵਾਦ ਕਾਰਨ ਆਹਮੋ-ਸਾਹਮਣੇ ਹੋ ਗਏ। 24 ਜੁਲਾਈ ਨੂੰ ਕੰਬੋਡੀਆ ਨੇ ਥਾਈਲੈਂਡ 'ਤੇ ਰਾਕੇਟ ਹਮਲੇ ਕੀਤੇ, ਜਿਸ ਦੇ ਜਵਾਬ 'ਚ ਥਾਈਲੈਂਡ ਨੇ ਐਫ-16 ਜਹਾਜ਼ਾਂ ਨਾਲ ਕੰਬੋਡੀਆ 'ਤੇ ਏਅਰਸਟ੍ਰਾਈਕ ਕੀਤੀ। ਹਾਲਾਂਕਿ ਇਨ੍ਹਾਂ ਹਮਲਿਆਂ ਮੰਗਰੋਂ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਹੋ ਗਈ ਸੀ, ਪਰ ਦਸੰਬਰ ਵਿੱਚ ਇਹ ਸੰਘਰਸ਼ ਫਿਰ ਭੜਕ ਉੱਠਿਆ। ਇਸ ਜੰਗ ਕਾਰਨ 2 ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਅਤੇ ਦੋਵਾਂ ਪਾਸਿਆਂ ਦੇ ਦਰਜਨਾਂ ਸੈਨਿਕ ਤੇ ਨਾਗਰਿਕ ਮਾਰੇ ਗਏ।

* ਹੋਰ ਜੰਗਾਂ
ਸਾਲ 2025 ਵਿੱਚ ਕੁਝ ਪੁਰਾਣੀਆਂ ਜੰਗਾਂ ਵੀ ਭਿਆਨਕ ਰੂਪ ਵਿੱਚ ਜਾਰੀ ਰਹੀਆਂ, ਜਿਨ੍ਹਾਂ 'ਚੋਂ ਮੁੱਖ ਰੂਪ 'ਚ ਰੂਸ-ਯੂਕ੍ਰੇਨ ਦੀ ਜੰਗ ਸ਼ਾਮਲ ਹੈ, ਜੋ ਪਿਛਲੇ ਕਰੀਬ 4 ਸਾਲਾਂ ਤੋਂ ਚੱਲਦੀ ਆ ਰਹੀ ਹੈ। ਇਨ੍ਹਾਂ ਦੋਵਾਂ ਦੇਸ਼ਾਂ ਦੀ ਜੰਗ ਕਾਰਨ ਜਿੱਥੇ ਹੁਣ ਤੱਕ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ, ਉੱਥੇ ਹੀ ਦੋਵਾਂ ਦੇਸ਼ਾਂ ਨੂੰ ਵੱਡੇ ਪੱਧਰ 'ਤੇ ਆਰਥਿਕ ਨੁਕਸਾਨ ਵੀ ਝੱਲਣਾ ਪਿਆ ਹੈ। ਫਿਲਹਾਲ ਪੁਤਿਨ ਦੀ ਰਿਹਾਇਸ਼ 'ਤੇ ਹੋਏ ਹਮਲੇ ਮਗਰੋਂ ਇਸ ਜੰਗ ਦੇ ਹੋਰ ਤੇਜ਼ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ।

ਇਸ ਤੋਂ ਇਲਾਵਾ ਸੂਡਾਨ ਦੀ ਫੌਜ ਅਤੇ ਪੈਰਾ-ਮਿਲਟਰੀ ਵਿਚਕਾਰ ਵੀ ਜੰਗ ਹੋਈ, ਜਿਸ ਕਾਰਨ ਲੱਖਾਂ ਲੋਕ ਬੇਘਰ ਹੋ ਗਏ ਅਤੇ ਹਜ਼ਾਰਾਂ ਦੀ ਮੌਤ ਹੋ ਗਈ। ਇਜ਼ਰਾਈਲ-ਹਮਾਸ ਅਤੇ ਇਜ਼ਰਾਈਲ-ਹਿਜ਼ਬੁੱਲਾ ਵਿਚਕਾਰ ਜੰਗ ਵੀ ਪੂਰਾ ਸਾਲ ਜਾਰੀ ਰਹੀ ਤੇ ਇਜ਼ਰਾਈਲ-ਗਾਜ਼ਾ ਦੇ ਇਕ-ਦੂਜੇ 'ਤੇ ਹਮਲਿਆਂ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ। ਜੂਨ ਦੇ ਮੱਧ ਤੋਂ ਬਾਅਦ ਹੀ ਗਾਜ਼ਾ ਵਿੱਚ 860 ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹਨ।

ਇਸ ਤਰ੍ਹਾਂ 2025 ਦਾ ਸਾਲ ਵਿਸ਼ਵ ਸੁਰੱਖਿਆ ਲਈ ਬਹੁਤ ਚੁਣੌਤੀਪੂਰਨ ਰਿਹਾ, ਜਿੱਥੇ ਕਈ ਨਵੇਂ ਮੋਰਚੇ ਖੁੱਲ੍ਹੇ ਅਤੇ ਪਰਮਾਣੂ ਹਮਲਿਆਂ ਦਾ ਖਤਰਾ ਵੀ ਬਣਿਆ ਰਿਹਾ। ਇਹ ਸਾਲ ਇੱਕ ਅਜਿਹੇ ਬਾਰੂਦ ਦੇ ਢੇਰ ਵਰਗਾ ਰਿਹਾ, ਜਿਸ ਨੂੰ ਕਈ ਵਾਰ ਚੰਗਿਆੜੀ ਲੱਗੀ, ਪਰ ਅੰਤਰਰਾਸ਼ਟਰੀ ਦਖਲਅੰਦਾਜ਼ੀ ਨੇ ਇਸ ਨੂੰ ਵਿਸ਼ਵਵਿਆਪੀ ਧਮਾਕਾ ਬਣਨ ਤੋਂ ਰੋਕ ਲਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
