ਤੀਰਅੰਦਾਜ਼ੀ ਦੇ ਬਿਹਤਰੀਨ ਖਿਡਾਰੀ ਨੇ ਪੜ੍ਹਾਈ ''ਚ ਪਾਈ ਪੂਰੀ ਧੱਕ, ਗਣਿਤ ''ਚ ਪ੍ਰਾਪਤ ਕੀਤੇ ਪੂਰੇ 100 ਅੰਕ
Sunday, May 14, 2023 - 01:17 PM (IST)
ਹਰਿਆਣਾ- CBSE ਦੇ 10ਵੀਂ ਜਮਾਤ ਦੇ ਵਿਦਿਆਰਥੀ ਯਸ਼ ਮਰਜਾਰਾ ਨੇ ਖੇਡਾਂ ਦੇ ਨਾਲ-ਨਾਲ ਪੜ੍ਹਾਈ 'ਚ ਵੀ ਪੂਰੀ ਧੱਕ ਪਾਈ ਹੈ। ਸਾਧਾਰਣ ਜਿਹੇ ਪਰਿਵਾਰ 'ਚ ਜਨਮੇ ਇਸ ਬੱਚੇ ਦੀ ਜਿੰਨੀ ਤਾਰੀਫ਼ ਕੀਤੀ ਜਾਵੇ, ਥੋੜ੍ਹੀ ਹੋਵੇਗੀ। 12 ਮਈ ਨੂੰ 10ਵੀਂ ਜਮਾਤ ਦੇ ਆਏ CBSE ਨਤੀਜੇ 'ਚ ਹੋਣਹਾਰ ਵਿਦਿਆਰਥੀ ਯਸ਼ ਨੇ 95.2 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਆਪਣੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਯਸ਼ ਪੜ੍ਹਨ ਵਿਚ ਇੰਨਾ ਹੋਣਹਾਰ ਹੈ ਕਿ ਗਣਿਤ 'ਚ ਇਸ ਨੇ 100 ਵਿਚੋਂ 100 ਅੰਕ ਪ੍ਰਾਪਤ ਕੀਤੇ ਹਨ। ਹੁਣ ਇਸ ਬੱਚੇ ਦੇ ਦੂਜੇ ਰਿਕਾਰਡ ਦੀ ਗੱਲ ਕਰੀਏ ਤਾਂ ਉਹ ਤੀਰਅੰਦਾਜ਼ੀ ਮੁਕਾਬਲੇ 'ਚ ਆਪਣੇ ਮੁਕਾਬਲੇ ਦੇ ਹੋਰ ਖਿਡਾਰੀਆਂ ਨੂੰ ਦੰਦਾਂ ਹੇਠ ਉਂਗਲਾਂ ਦਬਾਉਣ ਲਈ ਮਜ਼ਬੂਰ ਕਰਨ ਦੀ ਕਲਾ ਵਿਚ ਮਾਹਰ ਹੈ।
ਨਿਸ਼ਾਨੇਬਾਜ਼ੀ 'ਚ ਓਲੰਪੀਅਨ ਸੋਨ ਤਮਗਾ ਜੇਤੂ ਅਭਿਨਵ ਬਿੰਦਰਾ ਚੰਡੀਗੜ੍ਹ ਵਾਸੀ ਹੈ। ਉਸ ਦੀ ਹੀ ਤਰਜ਼ 'ਤੇ ਉਨ੍ਹਾਂ ਨੂੰ ਰੋਲ ਮਾਡਲ ਮੰਨਦੇ ਹੋਏ ਯਸ਼ ਤੀਰਅੰਦਾਜ਼ੀ 'ਚ ਅੱਗੇ ਵਧਣ ਦੀ ਆਪਣੀ ਕਾਬਲੀਅਤ ਅਤੇ ਕਲਾ ਨੂੰ ਸਾਬਤ ਕਰ ਰਿਹਾ ਹੈ। ਦੱਸ ਦੇਈਏ ਕਿ ਯਸ਼ 3 ਨੈਸ਼ਨਲ ਮੁਕਾਬਲਿਆਂ, ਇਕ ਜੂਨੀਅਰ ਮੁਕਾਬਲਾ, ਦੋ ਸਬ-ਜੂਨੀਅਰ ਮੁਕਾਬਲੇ 'ਚ ਹੱਥ ਅਜ਼ਮਾ ਚੁੱਕਾ ਹੈ।
ਇੰਟਰ ਸਕੂਲ ਸਟੇਟ ਚੈਂਪੀਅਨਸ਼ਿਪ 'ਚ 3 ਵਾਰ ਸਿਲਵਰ ਤਮਗਾ ਜਿੱਤ ਕੇ ਖੇਤਰੀ ਲੋਕਾਂ ਨੂੰ ਹੈਰਾਨ ਕਰ ਚੁੱਕੇ ਹਨ। ਡੀ. ਏ. ਵੀ. ਕਲਸਟਰ ਲੈਵਲ 'ਤੇ ਯਸ਼ ਨੇ ਦੋ ਸੋਨ ਤਮਗੇ ਵੀ ਹਾਸਲ ਕੀਤੇ ਹਨ। ਚੰਡੀਗੜ੍ਹ ਸੈਕਟਰ-7 ਵਿਚ ਸਥਿਤ ਡੀ. ਏ. ਵੀ. ਕਾਲਜ ਦੇ ਵਿਦਿਆਰਥੀ ਯਸ਼ ਦੇ ਨਤੀਜੇ ਮਗਰੋਂ ਲਗਾਤਾਰ ਪਰਿਵਾਰ ਵਾਲਿਆਂ ਕੋਲ ਵਧਾਈ ਦੇਣ ਵਾਲਿਆਂ ਦਾ ਉਨ੍ਹਾਂ ਦੇ ਘਰ ਤਾਂਤਾ ਲੱਗਾ ਹੈ। ਯਸ਼ ਨੂੰ ਮਿਲਣ ਵਾਲੇ ਵੀ ਫੋਨ 'ਤੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕਰਨ ਵਿਚ ਲੱਗੇ ਹੋਏ ਹਨ।