ਹਰਿਆਣਾ ਦੀ ਵਿਨੇਸ਼ ਫੋਗਾਟ ਨੂੰ ਵੀ ਮਿਲੇਗਾ ‘ਰਾਜੀਵ ਗਾਂਧੀ ਖੇਡ ਰਤਨ ਐਵਾਰਡ’

Tuesday, Aug 18, 2020 - 06:42 PM (IST)

ਹਰਿਆਣਾ ਦੀ ਵਿਨੇਸ਼ ਫੋਗਾਟ ਨੂੰ ਵੀ ਮਿਲੇਗਾ ‘ਰਾਜੀਵ ਗਾਂਧੀ ਖੇਡ ਰਤਨ ਐਵਾਰਡ’

ਨੈਸ਼ਨਲ ਡੈਸਕ— ਹਰਿਆਣਾ ਦੀ ਮਿੱਟੀ ’ਚ ਜਨਮੀ ਅਤੇ ਦੇਸ਼ ਦਾ ਨਾਂ ਚਮਕਾਉਣ ਵਾਲੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਇਸ ਵਾਰ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਨਾਲ ਨਵਾਜਿਆ ਜਾਵੇਗਾ। ਦਿੱਲੀ ਵਿਚ ਹੋਈ ਚੋਣ ਕਮੇਟੀ ਦੀ ਬੈਠਕ ’ਚ ਵਿਨੇਸ਼ ਸਮੇਤ 4 ਖਿਡਾਰੀਆਂ ਦੇ ਨਾਂ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਲਈ ਤੈਅ ਕੀਤੇ ਗਏ ਹਨ। ਕਮੇਟੀ ਨੇ ਵਿਨੇਸ਼ ਫੋਗਾਟ, ਕ੍ਰਿਕਟਰ ਰੋਹਿਤ ਸ਼ਰਮਾ, ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ ਅਤੇ ਪੈਰਾ ਓਲੰਪਿਕ ਦੇ ਸੋਨ ਤਮਗਾ ਜੇਤੂ ਮਰੀਆਪਨ ਥਾਂਗਾਵੇਲੂ ਨਾਮ ਦੀ ਸਿਫਾਰਸ਼ ਖੇਡ ਰਤਨ ਲਈ ਕੀਤੀ ਹੈ। 

ਵਿਨੇਸ਼ ਫੋਗਾਟ ਹਰਿਆਣਾ ਸੂਬੇ ਤੋਂ 7ਵੀਂ ਖਿਡਾਰਣ ਹੋਵੇਗੀ, ਜਿਨ੍ਹਾਂ ਨੂੰ ਰਾਜੀਵ ਗਾਂਧੀ ਖੇਡ ਰਤਨ ਨਾਲ ਨਵਾਜਿਆ ਜਾਵੇਗਾ। ਇਸ ਤੋਂ ਪਹਿਲਾਂ ਹਰਿਆਣਾ ਦੇ 6 ਖਿਡਾਰੀਆਂ ਨੂੰ ਖੇਡ ਰਤਨ ਮਿਲ ਚੁੱਕਾ ਹੈ। ਬੀਤੇ ਸਾਲ 2019 ’ਚ ਬਜਰੰਗ ਪੁਨੀਆ, ਦੀਪਾ ਮਲਿਕ, ਵਜਿੰਦਰ ਸਿੰਘ, ਯੋਗੇਸ਼ਵਰ ਦੱਤ, ਸਾਕਸ਼ੀ ਮਲਿਕ, ਸਰਦਾਰ ਸਿੰਘ ਨੂੰ ਵੀ ਖੇਡ ਰਤਨ ਨਾਲ ਨਵਾਜਿਆ ਗਿਆ ਸੀ।

ਦੱਸ ਦੇਈਏ ਕਿ ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦੇ ਬਲਾਲੀ ਪਿੰਡ ’ਚ ਜਨਮੀ ਵਿਨੇਸ਼ ਫੋਗਾਟ ਪਹਿਲਵਾਨਾਂ ਦੇ ਖਾਨਦਾਨ ਨਾਲ ਸੰਬੰਧ ਰੱਖਦੀ ਹੈ। ਕੌਮਾਂਤਰੀ ਪੱਧਰ ’ਤੇ ਕਈ ਤਮਗੇ ਹਾਸਲ ਕਰਨ ਵਾਲੀ ਗੀਤਾ ਅਤੇ ਬਬੀਤਾ ਵੀ ਉਨ੍ਹਾਂ ਦੀਆਂ ਭੈਣਾਂ ਹਨ। ਵਿਨੇਸ਼ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2013 ਤੋਂ ਕੀਤੀ, ਇਸ ਤੋਂ ਬਾਅਦ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਨੈਸ਼ਨਲ ਅਤੇ ਕੌਮਾਂਤਰੀ ਪੱਧਰ ’ਤੇ ਉਸ ਨੇ ਕਈ ਤਮਗੇ ਜਿੱਤੇ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ। ਸਾਨੂੰ ਸਾਰਿਆਂ ਨੂੰ ਮਾਣ ਹੈ ਕਿ ਹੁਣ ਵਿਨੇਸ਼ ਨੂੰ ਖੇਡ ਰਤਨ ਐਵਾਰਡ ਨਾਲ ਨਵਾਜਿਆ ਜਾਵੇਗਾ।


author

Tanu

Content Editor

Related News