ਸਿਆਸੀ ਦੰਗਲ 'ਚ 'ਦੰਗਲ ਗਰਲ' ਬਬੀਤਾ ਫੋਗਾਟ, ਭਾਜਪਾ 'ਚ ਹੋਈ ਸ਼ਾਮਲ

08/12/2019 1:27:12 PM

ਨਵੀਂ ਦਿੱਲੀ— ਦੰਗਲ ਗਰਲ ਦੇ ਨਾਂ ਨਾਲ ਮਸ਼ਹੂਰ ਰੈਸਲਰ ਬਬੀਤਾ ਫੋਗਾਟ ਅਤੇ ਉਨ੍ਹਾਂ ਦੇ ਪਿਤਾ ਮਹਾਵੀਰ ਸਿੰਘ ਫੋਗਾਟ ਅੱਜ ਯਾਨੀ ਕਿ ਸੋਮਵਾਰ ਨੂੰ ਭਾਜਪਾ ਪਾਰਟੀ 'ਚ ਸ਼ਾਮਲ ਹੋ ਗਏ ਹਨ। ਦੋਵੇਂ ਪਿਤਾ-ਬੇਟੀ ਕੈਬਨਿਟ ਰਾਜ ਮੰਤਰੀ ਕਿਰਨ ਰਿਜਿਜੂ ਦੀ ਮੌਜੂਦਗੀ 'ਚ ਭਾਜਪਾ 'ਚ ਸ਼ਾਮਲ ਹੋਏ ਹਨ। ਇਸ ਦੌਰਾਨ ਭਾਜਪਾ ਨੇਤਾ ਅਨਿਲ ਜੈਨ, ਰਾਮਵਿਲਾਸ ਸ਼ਰਮਾ ਅਤੇ ਅਨਿਲ ਬਲੂਨੀ ਵੀ ਮੌਜੂਦ ਰਹੇ। ਭਾਜਪਾ 'ਚ ਸ਼ਾਮਲ ਹੋਣ ਮਗਰੋਂ ਬਬੀਤਾ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਕ ਹੈ। ਉੱਥੇ ਹੀ ਪਿਤਾ ਮਹਾਵੀਰ ਫੋਗਾਟ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਤੋਂ ਬਹੁਤ ਪ੍ਰਭਾਵਿਤ ਹਨ, ਉਨ੍ਹਾਂ ਨੇ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਦੀ ਤਰੀਫ ਕੀਤੀ ਅਤੇ ਇਸ ਨੂੰ ਸਹੀ ਫੈਸਲਾ ਦੱਸਿਆ। ਉਨ੍ਹਾਂ ਕਿਹਾ ਕਿ ਅਸੀਂ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮ ਤੋਂ ਪ੍ਰਭਾਵਿਤ ਹਾਂ। ਮਹਾਵੀਰ ਫੋਗਾਟ ਅਤੇ ਬਬੀਤਾ ਫੋਗਾਟ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਦੋ ਮਹੀਨੇ ਪਹਿਲਾਂ ਹੀ ਭਾਜਪਾ ਨਾਲ ਜੁੜ ਗਏ ਹਨ। ਦੋਹਾਂ ਪਿਤਾ-ਬੇਟੀ 'ਤੇ ਬਾਲੀਵੁੱਡ ਫਿਲਮ 'ਦੰਗਲ' ਬਣੀ ਹੈ।

Image result for dangal film

ਦੱਸਣਯੋਗ ਹੈ ਕਿ ਹਰਿਆਣਾ 'ਚ ਦੁਸ਼ਯੰਤ ਚੌਟਾਲਾ ਦੀ ਪਾਰਟੀ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਦਾ ਪੱਲਾ ਛੱਡ ਕੇ ਮਹਾਵੀਰ ਫੋਗਾਟ ਅਤੇ ਉਨ੍ਹਾਂ ਦੀ ਰੈਸਲਰ ਬੇਟੀ ਬਬੀਤਾ ਫੋਗਾਟ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਹਾਵੀਰ ਜਾਂ ਬਬੀਤਾ ਨੂੰ ਭਾਜਪਾ ਵਿਧਾਨ ਸਭਾ ਦੀ ਟਿਕਟ ਵੀ ਦੇ ਸਕਦੀ ਹੈ। ਹਰਿਆਣਾ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋਹਾਂ ਪਿਤਾ-ਬੇਟੀ ਦਾ ਭਾਜਪਾ 'ਚ ਸ਼ਾਮਲ ਹੋਣ ਕਾਰਨ ਜੇ. ਜੇ. ਪੀ. ਨੂੰ ਝਟਕਾ ਲੱਗਾ ਹੈ। ਇੱਥੇ ਦੱਸ ਦੇਈਏ ਕਿ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵਿਚ ਵੰਡ ਤੋਂ ਬਾਅਦ ਹਿਸਾਰੇ ਦੇ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਨੇ ਪਿਛਲੇ ਸਾਲ ਹੀ ਜੇ. ਜੇ. ਪੀ. ਬਣਾਈ ਸੀ। 


Tanu

Content Editor

Related News