ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ’ਚ ਭਾਰਤ ਨੇ ਜਿੱਤੇ 5 ਗੋਲਡ ਸਮੇਤ 13 ਤਮਗੇ, PM ਨੇ ਦਿੱਤੀ ਵਧਾਈ
Monday, Jul 26, 2021 - 03:37 PM (IST)
ਨਵੀਂ ਦਿੱਲੀ : ਹੰਗਰੀ ਦੇ ਬੁਡਾਪੇਸਟ ਵਿਚ ਆਯੋਜਿਤ ਵਿਸ਼ਵ ਕੈਡੇਟ ਚੈਂਪੀਅਨਸ਼ਿਪ ਵਿਚ ਭਾਰਤ ਦੇ ਯੁਵਾ ਪਹਿਲਵਾਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ 5 ਗੋਲਡ ਸਮੇਤ 13 ਤਮਗੇ ਆਪਣੇ ਨਾਮ ਕੀਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਿਹਤਰੀਨ ਉਪਬਲੱਧੀ ’ਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਟਵੀਟ ਸੰਦੇਸ਼ ਵਿਚ ਲਿਖਿਆ, ‘ਸਾਡੇ ਖਿਡਾਰੀ ਸਾਨੂੰ ਲਗਾਤਾਰ ਮਾਣ ਮਹਿਸੂਸ ਕਰਾਉਂਦੇ ਹਨ। ਭਾਰਤ ਨੇ ਬੁਡਾਪੇਸਟ, ਹੰਗਰੀ ਵਿਚ ਵਿਸ਼ਵ ਕੈਡੇਟ ਚੈਂਪੀਅਨਸ਼ਿਪ ਵਿਚ 5 ਗੋਲਡ ਸਮੇਤ 13 ਤਮਗੇ ਜਿੱਤੇ। ਸਾਡੀ ਟੀਮ ਨੂੰ ਵਧਾਈ ਅਤੇ ਉਨ੍ਹਾਂ ਦੇ ਭਵਿੱਖ ਦੀਆਂ ਕੋਸ਼ਿਸ਼ਾਂ ਲਈ ਸ਼ੁੱਭਕਾਮਨਾਵਾਂ।’
ਇਹ ਵੀ ਪੜ੍ਹੋ: ਭਾਰਤ ਦੀ ਇਕ ਹੋਰ ਧੀ ਨੇ ਚਮਕਾਇਆ ਦੇਸ਼ ਦਾ ਨਾਮ, ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ’ਚ ਜਿੱਤਿਆ ਗੋਲਡ ਮੈਡਲ
ਭਾਰਤੀ ਮਹਿਲਾ ਪਹਿਲਵਾਨ ਪ੍ਰਿਆ ਮਲਿਕ ਨੇ ਬੁਡਾਪੇਸਟ ਵਿਚ ਵਿਸ਼ਵ ਕੈਡੇਟ ਕੁਸ਼ਤੀ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਐਤਵਾਰ ਨੂੰ ਸੋਨ ਤਮਗਾ ਆਪਣੇ ਨਾਮ ਕੀਤਾ। ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਪ੍ਰਿਆ ਨੇ 73 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਮੁਕਾਬਲੇ ਵਿਚ ਬੇਲਾਰੂਸ ਦੀ ਪਹਿਲਵਾਨ ਸੋਨੀਆ ਪਾਤਾਪੋਵਿਕ ਨੂੰ 5-0 ਨਾਲ ਹਰਾਇਆ। ਪ੍ਰਿਆ ਦੀ ਜਿੱਤ ’ਤੇ ਕਈ ਪ੍ਰਸਿੱਧ ਹਸਤੀਆਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਿਆ ਦੇ ਇਲਾਵਾ ਯੁਵਾ ਪਹਿਲਵਾਨ ਤਨੁ ਨੇ ਵੀ ਕੈਡੇਟ ਚੈਂਪੀਅਨਸ਼ਿਪ ਵਿਚ ਖ਼ਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਤਨੁ ਨੇ 43 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿਚ ਬੇਲਾਰੂਸ ਦੀ ਵੇਲੇਰੀਆ ਮਿਕੀਤਸਿਚ ਨੂੰ ਹਰਾ ਕੇ ਇਹ ਖ਼ਿਤਾਬ ਆਪਣੇ ਨਾਮ ਕੀਤਾ। 16 ਸਾਲਾ ਕੋਮਲ ਪੰਚਾਲ ਨੇ ਵੀ 46 ਕਿਲੋਗ੍ਰਾਮ ਭਾਰ ਵਰਗ ਵਿਚ ਸੋਨ ਤਮਗਾ ਆਪਣੇ ਨਾਮ ਕੀਤਾ। ਕੋਮਲ ਨੇ ਅਜਰਬੈਜਾਨ ਦੀ ਖਿਡਾਰੀ ਨੂੰ ਫਾਈਨਲ ਵਿਚ 7-2 ਨਾਲ ਹਰਾ ਕੇ ਸੋਨ ਤਮਗਾ ਹਾਸਲ ਕੀਤਾ। ਇਸ ਦੇ ਇਲਾਵਾ 2 ਹੋਰ ਮਹਿਲਾ ਭਾਰਤੀ ਪਹਿਲਵਾਨ ਵਰਸ਼ਾ (65 ਕਿਲੋਗ੍ਰਾਮ ਭਾਰ ਵਰਗ) ਅਤੇ ਅੰਕਿਤ (53 ਕਿਲੋਗ੍ਰਾਮ ਭਾਰ ਵਰਗ) ਨੇ ਕਾਂਸੀ ਤਮਗਾ ਜਿੱਤਿਆ। ਇਸ ਚੈਂਪੀਅਨਸ਼ਿਪ ਵਿਚ ਭਾਰਤ ਕੁੜੀਆਂ ਦੀ ਕੈਟੇਗਰੀ ਵਿਚ ਓਵਰ ਆਲ ਦੂਜੇ ਸਥਾਨ ’ਤੇ ਰਿਹਾ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ: ਮੈਰੀਕਾਮ ਦੇ ਮੁੱਕਿਆਂ ਨਾਲ ਜਾਗੀ ਤਮਗੇ ਦੀ ਆਸ, ਜਿੱਤ ਨਾਲ ਕੀਤਾ ਸ਼ਾਨਦਾਰ ਆਗਾਜ਼
ਦੱਸ ਦੇਈਏ ਕਿ ਇਸ ਤੋਂ ਪਹਿਲਾਂ 48 ਕਿਲੋਗ੍ਰਾਮ ਵਰਗ ਵਿਚ ਅਮਨ ਗੁਲੀਆ ਅਤੇ 80 ਕਿਲੋਗ੍ਰਾਮ ਭਾਰ ਵਰਗ ਵਿਚ ਸਾਗ ਜਗਲਾਨ ਨੇ ਪੁਰਸ਼ਾਂ ਦੇ ਫ੍ਰੀਸਟਾਈਲ ਮੁਕਾਬਲੇ ਵਿਚ ਖ਼ਿਤਾਬ ਜਿੱਤ ਕੇ ਭਾਰਤ ਨੂੰ ਇਤਿਹਾਸ ਵਿਚ ਪਹਿਲੀ ਵਾਰ ਟੀਮ ਚੈਂਪੀਅਨਸ਼ਿਪ ਦਾ ਖ਼ਿਤਾਬ ਦਿਵਾਇਆ ਸੀ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ ’ਚ ਇਤਿਹਾਸ ਰਚਣ ਵਾਲੀ ਮੀਰਾਬਾਈ ਚਾਨੂ ਲਈ Domino's ਨੇ ਕੀਤਾ ਵੱਡਾ ਐਲਾਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।