ਉੱਤਰਾਖੰਡ ਸਥਿਤ ਵਿਸ਼ਵ ਪ੍ਰਸਿੱਧ ਫੁੱਲਾਂ ਦੀ ਘਾਟੀ ਸੈਲਾਨੀਆਂ ਲਈ 1 ਜੂਨ ਤੋਂ ਖੁੱਲ੍ਹੇਗੀ
Sunday, May 19, 2024 - 05:26 PM (IST)
ਚਮੋਲੀ- ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਸਥਿਤ ਵਿਸ਼ਵ ਪ੍ਰਸਿੱਧ ਫੁੱਲਾਂ ਦੀ ਘਾਟੀ 1 ਜੂਨ ਤੋਂ ਸੈਲਾਨੀਆਂ ਲਈ ਖੋਲ੍ਹ ਦਿੱਤੀ ਜਾਵੇਗੀ। ਇਹ ਫੁੱਲਾਂ ਦੀ ਘਾਟੀ ਦੁਨੀਆ ਭਰ ਵਿਚ ਪ੍ਰਸਿੱਧ ਹੈ। । ਇੱਥੇ ਰੰਗੀਨ ਫੁੱਲਾਂ ਦੀਆਂ 500 ਤੋਂ ਵੱਧ ਕਿਸਮਾਂ ਖਿੜਦੀਆਂ ਹਨ। ਕੁਦਰਤ ਪ੍ਰੇਮੀਆਂ ਲਈ ਫੁੱਲਾਂ ਦੀ ਘਾਟੀ ਤੋਂ ਟਿਪਰਾ ਗਲੇਸ਼ੀਅਰ, ਰਤਾਬਨ ਪੀਕ, ਗੌਰੀ ਅਤੇ ਨੀਲਗਿਰੀ ਪਹਾੜਾਂ ਦੇ ਸ਼ਾਨਦਾਰ ਦ੍ਰਿਸ਼ ਵੀ ਵੇਖੇ ਜਾ ਸਕਦੇ ਹਨ। ਫੁੱਲਾਂ ਦੀ ਘਾਟੀ 30 ਅਕਤੂਬਰ ਤੱਕ ਸੈਲਾਨੀਆਂ ਲਈ ਖੁੱਲ੍ਹੀ ਰਹੇਗੀ। ਉਪ ਵਣ ਕੰਜ਼ਰਵੇਟਰ ਬੀਬੀ ਮਰਟੋਲੀਆ ਨੇ ਦੱਸਿਆ ਕਿ 1 ਜੂਨ ਨੂੰ ਘੰਗਰੀਆ ਬੇਸ ਕੈਂਪ ਤੋਂ ਵੈਲੀ ਆਫ ਫਲਾਵਰਜ਼ ਲਈ ਸੈਲਾਨੀਆਂ ਦਾ ਪਹਿਲਾ ਜਥਾ ਭੇਜਿਆ ਜਾਵੇਗਾ। ਸੈਲਾਨੀਆਂ ਨੂੰ ਫੁੱਲਾਂ ਦੀ ਘਾਟੀ ਦੀ ਸੈਰ ਕਰਨ ਤੋਂ ਬਾਅਦ ਉਸੇ ਦਿਨ ਬੇਸ ਕੈਂਪ ਘੰਗਰੀਆ ਪਰਤਣਾ ਪੈਂਦਾ ਹੈ। ਜਿੱਥੇ ਉਨ੍ਹਾਂ ਦੇ ਠਹਿਰਨ ਦਾ ਯੋਗ ਪ੍ਰਬੰਧ ਹੈ। ਫੁੱਲਾਂ ਦੀ ਘਾਟੀ ਲਈ ਬੇਸ ਕੈਂਪ ਘੰਗਰੀਆ ਤੋਂ ਟੂਰਿਸਟ ਗਾਈਡ ਦੀ ਸਹੂਲਤ ਵੀ ਹੋਵੇਗੀ।
ਵੈਲੀ ਆਫ ਫਲਾਵਰਜ਼ ਟ੍ਰੈਕਿੰਗ ਲਈ ਸਥਾਨਕ ਨਾਗਰਿਕਾਂ ਲਈ ਈਕੋ ਟ੍ਰੈਕ ਫੀਸ 200 ਰੁਪਏ ਅਤੇ ਵਿਦੇਸ਼ੀ ਨਾਗਰਿਕਾਂ ਲਈ 800 ਰੁਪਏ ਰੱਖੀ ਗਈ ਹੈ। ਦੱਸਣਯੋਗ ਹੈ ਕਿ ਯੂਨੈਸਕੋ ਨੇ ਹਿਮਾਲਿਆ ਦੇ ਉੱਤਰਾਖੰਡ ਵਿਚ ਸਥਿਤ ਫੁੱਲਾਂ ਦੀ ਘਾਟੀ ਨੂੰ ਵਿਸ਼ਵ ਵਿਰਾਸਤ ਘੋਸ਼ਿਤ ਕੀਤਾ ਸੀ। ਯੂਰਪੀ ਲੇਖਕ ਅਤੇ ਕੁਦਰਤ ਯਾਤਰੀ ਫਰੈਂਕ ਸਮਿਥ ਨੇ ਭਾਰਤ ਦੇ ਹਿਮਾਲਿਆ ਵਿਚ ਸਥਿਤ ਫੁੱਲਾਂ ਦੀ ਅਦਭੁਤ ਦੁਨੀਆ 'ਤੇ 'ਵੈਲੀ ਆਫ ਫਲਾਵਰਜ਼' ਨਾਂ ਦੀ ਕਿਤਾਬ ਲਿਖੀ ਹੈ। ਜਿਸ ਤੋਂ ਬਾਅਦ ਦੁਨੀਆ ਦੀਆਂ ਨਜ਼ਰਾਂ ਫੁੱਲਾਂ 'ਤੇ ਟਿਕ ਗਈਆਂ। ਧਰਮ-ਗ੍ਰੰਥਾਂ ਅਤੇ ਮਾਨਤਾਵਾਂ ਮੁਤਾਬਕ ਇਹ ਕੁਦਰਤੀ ਸੁੰਦਰਤਾ, ਫੁੱਲਾਂ ਅਤੇ ਜੜੀ-ਬੂਟੀਆਂ ਨਾਲ ਭਰਪੂਰ ਦਵਾਈਆਂ ਦਾ ਖੇਤਰ ਹੈ, ਜਿਸ ਨੂੰ ਨੰਦ ਕਾਨਨ ਵਣ ਕਿਹਾ ਜਾਂਦਾ ਹੈ।